ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਅੰਮ੍ਰਿਤਸਰ ਦੀ ਰਣਜੀਤ ਐਵੇਨਿਊ ’ਚ ਧੜ੍ਹਾਧੜ੍ਹ ਬਣਾਏ ਜਾ ਰਹੇ ਕੂੜੇ ਦੇ ਡੰਪ

Ad Position 21
No active advertisement
ਅਜੀਤ ਡੈਸਕ 09-07-2026
ਅੰਮ੍ਰਿਤਸਰ, 8 ਜੁਲਾਈ (ਸੁਰਿੰਦਰ ਕੋਛੜ)- ਸ਼ਹਿਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ’ਚ ਹਾਊਸਿੰਗ ਬੋਰਡ ਕਾਲੋਨੀ, ਡੀ-ਬਲਾਕ ਮਾਰਕੀਟ, ਅੰਮ੍ਰਿਤ ਆਨੰਦ ਪਾਰਕ ਵਿਖੇ ਜ਼ਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ’ਚ ਉਸਾਰੀ ਯਾਦਗਾਰ ਦੇ ਨਜ਼ਦੀਕ ਅਤੇ ਏ-ਬਲਾਕ ‘ਚ ਛੇਵੀਂ ਪਾਤਿਸ਼ਾਹੀ ਗੁਰਦੁਆਰੇ ਦੇ ਨੇੜੇ ਕੂੜੇ ਦੇ ਡੰਪ ਬਣਾਉਣ ਤੋਂ ਬਾਅਦ ਹੁਣ ਰਣਜੀਤ ਐਵੀਨਿਊ ਦੇ ਏ-ਬਲਾਕ ਦੀ ਸ਼ੁਰੂਆਤ ‘ਚ ਰੈੱਡ ਕਰਾਸ ਭਵਨ ਅਤੇ ਆਈ. ਜੀ. ਪੀ. ਦਫ਼ਤਰ ਦੇ ਬਿਲਕੁਲ ਨੇੜੇ ਕੂੜੇ ਅਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲਗਾਏ ਜਾ ਰਹੇ ਹਨ। ਨਵੇਂ ਡੰਪ ਦੇ ਆਸ-ਪਾਸ ਕਈ ਹਸਪਤਾਲ, ਸਕੂਲ ਅਤੇ ਹੋਰ ਵਪਾਰਕ ਅਦਾਰੇ ਮੌਜੂਦ ਹਨ। ਜਿਨ੍ਹਾਂ ਦੀ ਪ੍ਰਵਾਹ ਕੀਤੇ ਬਗ਼ੈਰ ਇੱਥੇ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ। ਇਹ ਡੰਪ ਪਾਸ਼ ਇਲਾਕੇ ਦੀ ਮੁੱਖ ਸੜਕ ‘ਤੇ ਬਣਾਇਆ ਗਿਆ ਹੋਣ ਕਰਕੇ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸ਼ੁਰੂ ਕੀਤਾ ‘ਮਿਸ਼ਨ ਕਲੀਨ’ ਕਿਰਕਿਰੀ ਦਾ ਕਾਰਨ ਬਣਦਾ ਜਾ ਰਿਹਾ ਹੈ। ਸਥਾਨਕ ਸਮਾਜਿਕ ਕਾਰਕੁਨ ਇੰਜ. ਪਵਨਦੀਪ ਸ਼ਰਮਾ ਨੇ ਇਸ ਬਾਰੇ ’ਚ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਵੀ ਪਾਸ਼ ਇਲਾਕੇ ਰਣਜੀਤ ਐਵਿਨਿਊ ‘ਚ ਜਗ੍ਹਾ-ਜਗ੍ਹਾ ਕੂੜੇ ਦੇ ਡੰਪ ਬਣਾਏ ਗਏ ਹਨ। ਇਲਾਕਾ ਨਿਵਾਸੀਆਂ ਵਲੋਂ ਇਨ੍ਹਾਂ ਨੂੰ ਹਟਾਉਣ ਦੀ ਵਾਰ-ਵਾਰ ਮੰਗ ਅਤੇ ਵਿਰੋਧ ਪ੍ਰਦਰਸ਼ਨ ਕਰਨ ਦੇ ਬਾਅਦ ਹੁਣ ਰਣਜੀਤ ਐਵੀਨਿਊ ਏ-ਬਲਾਕ ਦੀ ਸ਼ੁਰੂਆਤ ’ਚ ਕੂੜੇ ਦਾ ਡੰਪ ਬਣਾਉਣ ਨਾਲ ਇਲਾਕੇ ਦੇ ਲੋਕਾਂ ‘ਚ ਨਗਰ ਨਿਗਮ ਪ੍ਰਸ਼ਾਸਨ ਪ੍ਰਤੀ ਰੋਸ ਹੈ। ਇੱਥੇ ਕੂੜਾ ਸੁੱਟਣ ਨਾਲ ਪੂਰਾ ਇਲਾਕਾ ਇਕ ਵੱਡੀ ਸਮੱਸਿਆ ‘ਚ ਹੈ ਅਤੇ ਬਜ਼ੁਰਗਾਂ, ਬੱਚਿਆਂ ਅਤੇ ਖ਼ਾਸ ਤੌਰ ‘ਤੇ ਬਿਮਾਰਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਉਕਤ ਤੋਂ ਇਲਾਵਾ ਰਣਜੀਤ ਐਵੀਨਿਊ ‘ਚ ਲੱਖਾਂ ਰੁਪਇਆਂ ਦੀ ਲਾਗਤ ਨਾਲ ਜਨਤਕ ਸਹੂਲਤ ਲਈ ਬਣਾਇਆ ਗਿਆ ਸਾਈਕਲ ਟਰੈਕ ਨਗਰ ਨਿਗਮ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਡੰਪ-ਹਾਊਸ ‘ਚ ਤਬਦੀਲ ਹੋ ਚੁੱਕਿਆ ਹੈ। ਟਰੈਕ ‘ਤੇ ਰੁੱਖਾਂ ਦੇ ਡਿੱਗੇ ਪੱਤੇ ਤੇ ਟਾਹਣੀਆਂ ਅਤੇ ਨਾਲ ਲਗਦੇ ਪਾਰਕਾਂ ਦੀਆਂ ਸੁੱਟੀਆਂ ਗਈਆਂ ਝਾੜੀਆਂ ਅਤੇ ਹਰ ਰੋਜ਼ ਸੁੱਟੇ ਜਾ ਰਹੇ ਗੰਦਗੀ ਦੇ ਢੇਰਾਂ ਕਾਰਨ ਲੋਕ ਇਸ ਸਾਈਕਲ ਟਰੈਕ ਦੀ ਵਰਤੋਂ ਕਰਨਾ ਤਾਂ ਦੂਰ ਰਾਹਗੀਰਾਂ ਦਾ ਇਸ ਦੇ ਨਜ਼ਦੀਕ ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਮਹੀਨੇ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਸਥਾਨਕ ਨਗਰ ਨਿਗਮ ਪ੍ਰਸ਼ਾਸਨ ਇਹ ਕੂੜੇ ਦੇ ਢੇਰ ਖ਼ਤਮ ਕਰਨ ‘ਚ ਕਾਮਯਾਬ ਨਹੀਂ ਹੋ ਰਿਹਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹੋ ਸਥਿਤੀ ਰਹੀ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਦੇ ਮਾੜੇ ਪ੍ਰਦਰਸ਼ਨ ਕਾਰਨ ਸਵੱਛ ਸਰਵੇਖਣ ਦੀ ਰੈਂਕਿੰਗ ਵਿਚ ਅੰਮ੍ਰਿਤਸਰ ਬਹੁਤ ਪਛੜ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਤ ’ਚ ਦੋ ਦੁਕਾਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਈ-ਜਾਗ੍ਰਿਤੀ : ਡਿਜੀਟਲ ਭਾਰਤ ਵਿਚ ਉਪਭੋਗਤਾ ਨਿਆਂ ਲਈ ਨਵਾਂ ਸੰਕਲਪ
Ad Position 24
No active advertisement