ਅੰਮ੍ਰਿਤਸਰ, 8 ਜੁਲਾਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਨੇ ਰਿਜ਼ਾ (ਆਰ. ਆਰ. ਆਈ. ਜੈੱਡ. ਏ.) ਇੰਜ. ਸਲਿਊਸ਼ਨ, ਆਟੋਡੈਸਕ ਲਰਨਿੰਗ ਪਾਰਟਨਰ ਫਗਵਾੜਾ ਨਾਲ ਇਕ ਅਹਿਮ ਸਮਝੌਤਾ ਪੱਤਰ ‘ਤੇ ਦਸਤਖ਼ਤ ਕੀਤੇ ਹਨ । ਇਹ ਸਮਝੌਤਾ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਇੰਜੀਨੀਅਰਿੰਗ ਵਿਦਿਆਰਥੀਆਂ ‘ਚ ਰੁਜ਼ਗਾਰ ਯੋਗਤਾ ਦੇ ਹੁਨਰ ਨੂੰ ਵਧਾਉਣ ਸੰਬੰਧੀ ਮਹੱਤਵਪੂਰਨ ਕੀਤਾ ਗਿਆ । ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਰਿਜ਼ਾ ਤੋਂ ਮੈਨੇਜ਼ਿੰਗ ਡਾਇਰੈਕਟਰ ਰੁਪਿੰਦਰ ਸਿੰਘ ਦੁਆਰਾ ਇਸ ਸਮਝੌਤਾ ਪੱਤਰ ’ਤੇ ਦਸਤਖਤ ਕੀਤੇ ਗਏ, ਜਿਸ ਤਹਿਤ ਇੰਜੀਨੀਅਰਿੰਗ ਵਿਦਿਆਰਥੀਆਂ ‘ਚ ਨਵੀਨਤਾ, ਤਕਨੀਕੀ ਉੱਤਮਤਾ ਅਤੇ ਉਦਯੋਗ-ਅਧਾਰਿਤ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਰਣਨੀਤਕ ਸਾਂਝੇਦਾਰੀ ਦੀ ਸ਼ੁਰੂਆਤ ਕੀਤੀ । ਡਾ. ਬਾਲਾ ਨੇ ਦੱਸਿਆ ਕਿ ਇਸ ਸਮਝੌਤੇ ਦਾ ਉਦੇਸ਼ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਆਟੋਡੈਸਕ ਤਕਨਾਲੋਜੀਆਂ ਨੂੰ ਇੰਜੀਨੀਅਰਿੰਗ ਸਿੱਖਿਆ ‘ਚ ਜੋੜ ਕੇ ਅਕਾਦਮਿਕ ਸਿਖਲਾਈ ਅਤੇ ਉਦਯੋਗਿਕ ਜ਼ਰੂਰਤਾਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ । ਇਸ ਮੌਕੇ ਡਾ. ਮੰਜੂ ਬਾਲਾ ਨੇ ਕਿਹਾ ਕਿ ਇਹ ਸਮਝੌਤਾ ਉਦਯੋਗ-ਸੰਬੰਧਿਤ ਸਿੱਖਿਆ ਅਤੇ ਹੁਨਰ-ਅਧਾਰਿਤ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ‘ਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਆਟੋਡੈਸਕ ਤਕਨਾਲੋਜੀਆਂ ਦਾ ਏਕੀਕਰਨ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਵਿਕਸਿਤ ਹੋ ਰਹੇ ਇੰਜੀਨੀਅਰਿੰਗ ਲੈਂਡਸਕੇਪ ‘ਚ ਸਫ਼ਲਤਾ ਲਈ ਜ਼ਰੂਰੀ ਮਹੱਤਵਪੂਰਨ ਡਿਜ਼ਾਈਨ ਸੋਚ, ਰਚਨਾਤਮਕਤਾ, ਨਵੀਨਤਾ ਅਤੇ ਸਮੱਸਿਆ-ਹੱਲ ਕਰਨ ਦੀਆਂ ਯੋਗਤਾਵਾਂ ਵਿਕਸਿਤ ਕਰਨ ਦੇ ਯੋਗ ਬਣਾਏਗਾ।