ਅੰਮ੍ਰਿਤਸਰ, 8 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ) -ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਦੀ ਮੀਟਿੰਗ ਲਖਵਿੰਦਰ ਸਿੰਘ ਪੱਧਰੀ ਦੀ ਪ੍ਰਧਾਨਗੀ ਹੇਠ ਮੁਸਤਫਾਬਾਦ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਹੋਈ। ਇਸ ਦੌਰਾਨ ਵਿਛੜੇ ਸਾਥੀ ਸੇਵਾ ਸਿੰਘ ਨੂੰ ਸ਼ਰਧਾਂਜਲੀ ਦੇਣ ਉਪਰੰਤ ਮੀਟਿੰਗ ’ਚ ਜਿੱਥੇ ਪੈਨਸ਼ਨਰਾਂ ਦੀਆਂ ਮੰਗਾਂ, ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਉੱਥੇ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ। ਇਸ ਦੌਰਾਨ ਨਰਿੰਦਰ ਬੱਲ ਵਰਕਿੰਗ ਸਕੱਤਰ ਪੰਜਾਬ ਨੇ ਕਿਹਾ ਕਿ ਕਰਮਚਾਰੀਆਂ, ਪੈਨਸ਼ਨਰਾਂ ਦਾ ਡੀ. ਏ., ਏਰੀਅਰ ਤੁਰੰਤ ਜਾਰੀ ਕੀਤਾ ਜਾਵੇ, ਸਰਕਾਰ ਵਲੋਂ ਥੋਪਿਆ ਜਜੀਆ ਟੈਕਸ ਭਾਵ ਡਿਵੈਲਪਮੈਂਟ ਟੈਕਸ ਬੰਦ ਕੀਤਾ ਜਾਵੇ, 2.59 ਦਾ ਫਾਰਮੂਲਾ, 23 ਸਾਲਾ ਸਾਰੇ ਪੈਨਸ਼ਨਰਾਂ ਤੇ ਲਾਗੂ ਕੀਤਾ ਜਾਵੇ। ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ ਤਾਂ ਜੋ ਮੈਡੀਕਲ ਬਿੱਲਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਲਾਈਫ ਸਾਰਟੀਫੇਕਟ ਦਾਖਲ ਨਾ ਹੋ ਸਕਣ ਕਾਰਨ ਪੈਨਸ਼ਨ ‘ਤੇ ਰੋਕ ਲਗਾਉਣ ਦੀ ਨਿਖੇਧੀ ਕੀਤੀ ਗਈ। ਇਸ ਦੌਰਾਨ ਫੈਸਲਾ ਕੀਤਾ ਕਿ ਮੁਲਾਜ਼ਮ ਮੰਚ ਪੰਜਾਬ ਮੁਲਾਜ਼ਮਾਂ ਦੇ ਸਾਂਝੇ ਮੰਚ ਦੇ ਸੱਦੇ ‘ਤੇ 17.7.2026 ਨੂੰ ਚੰਡੀਗੜ੍ਹ ਮਹਾਂ ਰੈਲੀ ‘ਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਗੁਰਮੀਤ ਸਿੰਘ ਸ਼ਾਮ ਨਗਰ ਨੇ ਪਾਵਰਕਾਮ ਪੈਨਸ਼ਨ ਯੂਨੀਅਨ ਏਟਕ ਜਤਿੰਦਰ ਸਿੰਘ ਲਾਈਨਮੈਨ ਸਬ ਡਵੀਜ਼ਨ ਕੱਥੂਨੰਗਲ ਨਾਲ ਸਰਪੰਚ ਅਜੈਬਵਾਲੀ ਵਲੋਂ ਕੀਤੇ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਸਾਥੀ ਨਾਲ ਕੋਈ ਧੱਕੇਸ਼ਾਹੀ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਜਗਦੀਸ਼ ਸਿੰਘ ਮੁਸਤਫਾਬਾਦ, ਨਰਿੰਦਰ ਮੁਸਤਫਾਬਾਦ, ਅਮਰੀਕ ਸਿੰਘ ਸ਼ਾਮ ਨਗਰ, ਪਲਵਿੰਦਰ ਸਿੰਘ ਮੱਖਣਵਿੰਡੀ, ਗੁਰਭੇਜ ਸਿੰਘ ਗਿੱਲ, ਪਲਵਿੰਦਰ ਸਿੰਘ ਬੱਲ, ਜਸਵੰਤ ਸਿੰਘ ਵੇਰਕਾ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੇ ਸਾਂਝੇ ਮੰਚ ਵਲੋਂ ਜਲਦ ਹੜਤਾਲ ਕੀਤੀ ਜਾਵੇਗੀ, ਇਸ ਦੌਰਾਨ ਕਾਲੇ ਚੋਲੇ ਪਾ ਕੇ ਡੀ. ਸੀ. ਦਫਤਰ ਸਾਹਮਣੇ ਰੋਸ ਕਰਦਿਆਂ ਪੈਨਸ਼ਨਰ ਜੇਲ੍ਹ ਭਰਨ ਅਤੇ ਗ੍ਰਿਫ਼ਤਾਰੀਆਂ ਦੇਣਗੇ।