ਅੰਮ੍ਰਿਤਸਰ, 19 ਜੁਲਾਈ (ਰੇਸ਼ਮ ਸਿੰਘ)-ਸੀ.ਪੀ.ਐੱਮ.ਐੱਲ. ਲਿਬਰੇਸ਼ਨ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਚਰਨਜੀਤ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ‘ਚ ਜ਼ਿਲ੍ਹਾ ਸਕੱਤਰ ਕਾ: ਬਲਬੀਰ ਸਿੰਘ ਮੂਧਲ ਨੇ ਜੰਤਰ ਮੰਤਰ ਦਿੱਲੀ ਵਿਖੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁੱਕ ਅਤੇ ਆਇਸਾ ਦੀ ਆਗੂ ਨੇਹਾ ਸਮੇਤ ਉਸ ਦੇ ਸਾਥੀਆਂ ਨੂੰ ਦੀ ਮੋਦੀ ਸਰਕਾਰ ਵਲੋਂ ਚੁੱਕ ਕੇ ਲੈ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਬੀਤੇ ਵੀਹ ਦਿਨਾਂ ਤੋਂ ਭੁੱਖ ਹੜਤਾਲ ਕਰ ਰਹੇ ਇਨ੍ਹਾਂ ਆਗੂਆਂ ਨਾਲ ਉਨ੍ਹਾਂ ਦੀਆਂ ਮੰਗਾਂ ਉੱਤੇ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਚੁੱਕ ਕੇ ਲੈ ਜਾਣਾ ਸਰਾ ਸਰ ਲੋਕਤੰਤਰ ਵਿਰੋਧੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਾਕਰੋਚ ਜਨਤਾ ਪਾਰਟੀ ਅਤੇ ਸੋਨਮ ਵਾਂਗਚੁੱਕ ਦੀਆਂ ਮੰਗਾਂ ਪ੍ਰਵਾਨ ਕਰਕੇ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਖਤਮ ਕਰੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਵੀ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਇਹ ਪੂਰੀ ਤਰਾਂ ਬੇਫਾਇਦਾ ਰਾਹੀ। ਮੀਟਿੰਗ ‘ਚ ਇਹ ਵੀ ਪਾਸ ਕੀਤਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਹਾਲਤ ਨੂੰ ਸੁਧਾਰਨਾ, ਨਸ਼ਿਆਂ ਦੀ ਰੋਕਥਾਮ ਕਰਨ, ਪੰਜਾਬ ਵਿਚ ਚੱਲ ਰਹੇ ਗੈਂਗਸਟਰਾਂ ਦੇ ਰਾਜ ਨੂੰ ਖਤਮ ਕਰਨ ਵਿਚ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਇਸ ਅਸਫਲਤਾ ਨੂੰ ਸੁਧਾਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਨੂੰ ਛੋਟੀਆ ਮੋਟੀਆਂ ਖੈਰਾਤਾਂ ਦੇ ਕੇ ਪੰਜਾਬ ਵਿਚ ਦੁਬਾਰਾ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ। ਇਸ ਮੌਕੇ ਸਤਲੁਜ ਫ਼ਿਲਮ ਨੂੰ ਕੇਂਦਰ ਸਰਕਾਰ ਵਲੋਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੀਟਿੰਗ ਵਿਚ ਸ਼ਮਸ਼ੇਰ ਹੇਰ, ਮੰਗਲ ਸਿੰਘ ਧਰਮਕੋਟ, ਨਿਰਮਲ ਸਿੰਘ ਛੱਜਲਵੱਡੀ, ਨਰਿੰਦਰ ਤੇੜਾ, ਓਮ ਪ੍ਰਕਾਸ਼ ਲਹਿਰਾ, ਭੁਪਿੰਦਰ ਸਿੰਘ ਮੀਰਾਂਕੋਟ ਅਤੇ ਕੁਲਵਿੰਦਰ ਸਿੰਘ ਅਜਨਾਲਾ ਸ਼ਾਮਿਲ ਸਨ।
ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁੱਕ ਨੂੰ ਜਬਰੀ ਚੁੱਕਣਾ ਲੋਕਤੰਤਰ ਦਾ ਕਤਲ : ਕਾ: ਮੂਧਲ
ਅਜੀਤ ਡੈਸਕ
20-07-2026