ਤਰਨ ਤਾਰਨ, 11 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧਿਤ ਐਲੀਮੈਂਟਰੀ ਕਾਡਰ ਦੇ ਕੁਝ ਕਰਮਚਾਰੀ ਬਿਨਾਂ ਤਨਖਾਹਾਂ ਤੋਂ ਫਾਕੇ ਕੱਟ ਰਹੇ ਹਨ | ਇਹ ਪ੍ਰਗਟਾਵਾ ਕਰਦਿਆਂ ਬੀ.ਐੱਡ ਅਧਿਆਪਕ ਫਰੰਟ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਨੇ ਕਿਹਾ ਕਿ ਮਾਰਚ ਦਾ ਅੱਧਾ ਮਹੀਨਾ ਬਤੀਤ ਹੋਣ ਜਾ ਰਿਹਾ ਹੈ, ਪਰ ਹਾਲੇ ਤੱਕ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਾਇਮਰੀ ਕਾਡਰ ਨਾਲ ਸੰਬੰਧਿਤ ਦੋ ਬਲਾਕਾਂ ਦੇ ਕਰਮਚਾਰੀਆਂ ਨੇ ਤਨਖਾਹ ਦਾ ਮੂੰਹ ਨਹੀਂ ਵੇਖਿਆ | ਇਸ ਸੰਬੰਧੀ ਕਰਮਚਾਰੀਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਬਹੁਤ ਸਾਰੇ ਕਰਮਚਾਰੀਆਂ ਨੇ ਨਿੱਝੀ ਜਾਂ ਹੋਰ ਕਈ ਪ੍ਰਕਾਰ ਦੇ ਕਰਜੇ ਬੈਂਕਾਂ ਕੋਲੋਂ ਲਏ ਹੁੰਦੇ ਹਨ, ਜਿਨ੍ਹਾਂ ਦੀ ਜੇਕਰ ਸਮੇਂ ਸਿਰ ਕਿਸ਼ਤ ਨਾ ਭਰੀ ਜਾਵੇ ਤਾਂ ਬੈਂਕ ਵਲੋਂ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ | ਸੋ ਜ਼ਿਲ੍ਹਾ ਸਿੱਖਿਆ ਦਫਤਰ ਕਰਮਚਾਰੀਆਂ ਦੀਆਂ ਮਜ਼ਬੂਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਮੇਂ ਸਿਰ ਬਲਾਕਾਂ ਨੰੂ ਤਨਖਾਹਾਂ ਸੰਬੰਧੀ ਬਜਟ ਜਾਰੀ ਕਰੇ | ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਨਾਲ ਗੱਲ ਹੋਈ ਹੈ | ਉਨ੍ਹਾਂ ਕਿਹਾ ਕਿ ਮੁੱਖ ਦਫ਼ਤਰ ਕੋਲੋਂ ਉਕਤ ਬਲਾਕਾਂ ਦੇ ਬਜਟ ਦੀ ਮੰਗ ਕੀਤੀ ਗਈ ਹੈ ਅਤੇ ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਕਈ ਵਾਰ ਯਾਦ ਵੀ ਕਰਵਾਇਆ ਗਿਆ ਹੈ | ਜਦੋਂ ਵੀ ਬਜਟ ਮਿਲ ਜਾਂਦਾ ਹੈ ਤਾਂ ਤੁਰੰਤ ਪ੍ਰਭਾਵ ਨਾਲ ਤਨਖ਼ਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ |