ਤਰਨ ਤਾਰਨ, 11 ਮਾਰਚ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਆਪਣੀ ਬੇਟੀ ਨੂੰ ਬੱਸ ਅੱਡੇ 'ਤੇ ਛੱਡ ਕੇ ਘਰ ਨੂੰ ਵਾਪਸ ਆ ਰਹੇ ਇਕ ਵਿਅਕਤੀ ਨੂੰ 3 ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਰਸਤੇ ਵਿਚ ਰੋਕ ਕੇ ਉਸ ਦਾ ਮੋਬਾਈਲ ਅਤੇ ਪਰਸ ਖੋਹ ਲਿਆ | ਉਕਤ ਵਿਅਕਤੀ ਵਲੋਂ ਰੌਲਾ ਪਾਉਣ ਤੋਂ ਬਾਅਦ ਉਥੇ ਮੌਜੂਦ ਪਿੰਡ ਵਾਸੀਆਂ ਨੇ ਤਿੰਨਾਂ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਰੱਜ ਕੇ ਕੁਟਾਪਾ ਚਾੜਿਆ | ਤਿੰਨਾਂ ਲੁਟੇਰਿਆਂ ਦੀ ਪਿੰਡ ਵਾਸੀਆਂ ਵਲੋਂ ਟਰੈਕਟਰ ਨਾਲ ਬੰਨ੍ਹ ਕੇ ਕੁੱਟਮਾਰ ਦੀ ਇਕ ਵੀਡੀਓ ਵੀ ਵਾਇਰਲ ਹੋਈ | ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਡੀ. ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਢੋਟੀਆਂ ਨਿਵਾਸੀ ਸਰਬਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਬੇਟੀ ਨੂੰ ਬੱਸ ਅੱਡੇ 'ਤੇ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਦਾਤਰ ਦੀ ਨੋਕ 'ਤੇ ਉਸ ਦਾ ਮੋਬਾਈਲ ਅਤੇ ਪਰਸ ਖੋਹ ਲਿਆ | ਉਸ ਵਲੋਂ ਰੌਲਾ ਪਾਉਣ 'ਤੇ ਪਿੰਡ ਵਾਸੀਆਂ ਨੇ ਤਿੰਨਾਂ ਲੁਟੇਰਿਆਂ ਨੂੰ ਫੜ੍ਹ ਲਿਆ ਅਤੇ ਉਨ੍ਹਾਂ ਨੂੰ ਉਥੇ ਮੌਜੂਦ ਲੋਕਾਂ ਵਲੋਂ ਕੁਟਾਪਾ ਚਾੜਿਆ | ਉਨ੍ਹਾਂ ਦੱਸਿਆ ਕਿ ਤਿੰਨੇ ਲੁਟੇਰਿਆਂ ਨੂੰ ਚੌਂਕੀ ਨੌਸ਼ਹਿਰਾ ਪੰਨੂੰਆਂ ਦੀ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ | ਇਨ੍ਹਾਂ ਵਿਚੋਂ ਇਕ ਵਿਅਕਤੀ ਜਗਰੂਪ ਸਿੰਘ ਦੀ ਪਛਾਣ ਹੋਈ ਹੈ, ਜਿਸ ਦੇ ਖ਼ਿਲਾਫ਼ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਪਰਚੇ ਦਰਜ ਹਨ | ਉਨ੍ਹਾਂ ਦੱਸਿਆ ਕਿ ਤਿੰਨਾਂ ਵਿਅਕਤੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਜੋ ਵੀਡੀਓ ਟਰੇਕਟਰ ਨਾਲ ਇਨ੍ਹਾਂ ਤਿੰਨਾਂ ਲੁਟੇਰਿਆਂ ਨੂੰ ਬੰਨ੍ਹ ਕੇ ਸਾਹਮਣੇ ਆ ਰਹੀ ਹੈ, ਉਸ ਸੰਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ | ਕਿਸੇ ਨੂੰ ਵੀ ਕਾਨੂੰਨ ਹੱਥ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ |