ਤਰਨ ਤਾਰਨ, 11 ਮਾਰਚ (ਹਰਿੰਦਰ ਸਿੰਘ)-ਮੱਧ ਪੂਰਬ ਵਿਚ ਚੱਲ ਰਹੇ ਵਿਵਾਦ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਸੰਭਾਵੀ ਰੂਪ 'ਚ ਪੈਟਰੋਲੀਅਮ ਪਦਾਰਥਾਂ ਨਾਲ ਸੰਬੰਧਿਤ ਹਾਲਾਤ ਪ੍ਰਭਾਵਿਤ ਹੋਣ ਦੇ ਖਦਸ਼ੇ ਅਤੇ ਆਮ ਜਨਤਾ ਵਿਚ ਇਸ ਸੰਬੰਧੀ ਪੈਦਾ ਹੋਏ ਤੌਖਲਿਆਂ ਨੂੰ ਦੂਰ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਐਲ.ਪੀ.ਜੀ. ਡਿਸਟ੍ਰੀਬਿਊਟਰਾਂ, ਪੈਟਰੋਲ-ਡੀਜ਼ਲ ਡਿਸਟ੍ਰੀਬਿਊਟਰਾਂ ਅਤੇ ਸਮੂਹ ਆਇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਆਦਿ ਦੀ ਅਹਿਮ ਮੀਟਿੰਗ ਬੁਲਾਈ ਗਈ | ਇਸ ਦੌਰਾਨ ਹੋਏ ਵਿਚਾਰ-ਵਟਾਂਦਰੇ ਅਤੇ ਸਾਂਝੀਆਂ ਕੀਤੀਆਂ ਸੂਚਨਾਵਾਂ ਮੁਤਾਬਿਕ ਇਹ ਸਾਹਮਣੇ ਆਇਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਕਿਸੇ ਵੀ ਪੈਟਰੋਲੀਅਮ ਉਤਪਾਦ, ਐਲ.ਪੀ.ਜੀ ਆਦਿ ਦੀ ਕੋਈ ਤੰਗੀ-ਪੇਸ਼ੀ ਨਹੀਂ ਹੈ | ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਇਸ ਮੌਕੇ ਨਿਰਦੇਸ਼ ਦਿੱਤੇ ਕਿ ਆਮ ਜਨਤਾ ਨੂੰ ਘਰੇਲੂ ਵਰਤੋਂ ਵਾਲੇ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖੀ ਜਾਵੇ | ਉਨ੍ਹਾਂ ਹਰੇਕ ਡਿਸਟ੍ਰੀਬਿਊਟਰ ਨੂੰ ਇਹ ਸਖ਼ਤੀ ਨਾਲ ਕਿਹਾ ਕਿ ਖ਼ਪਤਕਾਰਾਂ ਦੇ ਹਿੱਤਾਂ ਦੇ ਸਨਮੁੱਖ ਐਲ.ਪੀ.ਜੀ. ਜਾਂ ਹੋਰ ਪੈਟਰੋਲੀਅਮ ਪਦਾਰਥਾਂ ਦੀ ਜਮ੍ਹਾਖੋਰੀ, ਬਲੈਕ ਮਾਰਕੀਟਿੰਗ ਜਾਂ ਓਵਰ ਚਾਰਜਿੰਗ ਆਦਿ ਧਿਆਨ ਵਿਚ ਆਉਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੈਸ ਰਿਫਿਲ ਲਈ ਕੇਂਦਰ ਸਰਕਾਰ ਦੁਆਰਾ ਬੁਕਿੰਗ ਲਈ 21 ਦਿਨ ਤੋਂ 25 ਦਿਨਾਂ ਦੀ ਕੀਤੀ ਗਈ ਤਬਦੀਲੀ ਦੀ ਪਾਲਣਾ ਕਰਦਿਆਂ 25 ਦਿਨਾਂ ਬਾਅਦ ਹੀ ਬੁਕਿੰਗ ਕਰਵਾਉਣ | ਉਨ੍ਹਾਂ ਕਿਹਾ ਕਿ ਵਪਾਰਕ ਵਰਤੋਂ ਵਿਚ ਆਉਣ ਵਾਲੇ ਸਿਲੰਡਰਾਂ ਦੀ ਸਪਲਾਈ ਵਿਚ ਹਾਲ ਦੀ ਘੜੀ ਕਟੌਤੀ ਕੀਤੀ ਗਈ ਹੈ, ਜੋ ਕਿ ਬਹੁਤ ਜਲਦ ਪਹਿਲਾਂ ਦੀ ਤਰ੍ਹਾਂ ਬਹਾਲ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰਨ ਤੌਰ 'ਤੇ ਸਮੂਹ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਲਈ ਹਾਜ਼ਰ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਮੀਟਿੰਗ ਦੌਰਾਨ ਸਮੂਹ ਹਾਜ਼ਰੀਨ ਵਲੋਂ ਇਸ ਸੰਬੰਧੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਉਣ ਬਾਬਤ ਵਿਸ਼ਵਾਸ ਦਿਵਾਇਆ ਗਿਆ |