ਗੋਇੰਦਵਾਲ ਸਾਹਿਬ, 25 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਅਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਨੇ ਕਿਹਾ ਹੈ ਕਿ ਪੰਜਾਬ ਤੋਂ 6 ਅਤੇ ਇਕ ਦਿੱਲੀ ਤੋਂ ਕੁੱਲ ਸੱਤ ਰਾਜ ਸਭਾ ਮੈਂਬਰਾਂ ਵਲੋਂ ਦਲ ਬਦਲੀ ਆਮ ਆਦਮੀ ਪਾਰਟੀ ਦੇ ਰਾਜਨੀਤਕ ਢਾਂਚੇ ਅਤੇ ਲੀਡਰਸ਼ਿਪ ਦੇ ਅੰਦਰ ਇਕ ਡੂੰਘੇ ਸੰਕਟ ਨੂੰ ਉਜਾਗਰ ਕਰਦੀ ਹੈ | ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਵਾਸ, ਅੰਦਰੂਨੀ ਲੋਕਤੰਤਰ ਅਤੇ ਵਿਚਾਰਧਾਰਕ ਇਕਸੁਰਤਾ ਦੀ ਘਾਟ ਤੇ ਅਸਫ਼ਲਤਾ ਨੂੰ ਦਰਸਾਉਂਦਾ ਹੈ | ਕਿਸੇ ਪਾਰਟੀ ਦੇ ਆਪਣੇ ਸੰਸਦ ਮੈਂਬਰ ਇੰਨੀ ਗਿਣਤੀ ਵਿਚ ਇਸ ਨੂੰ ਛੱਡ ਦਿੰਦੇ ਹਨ ਤਾਂ ਇਹ ਲੀਡਰਸ਼ਿਪ ਅਤੇ ਕੇਡਰ ਵਿਚਕਾਰ ਪੂਰੀ ਤਰ੍ਹਾਂ ਟੁੱਟਣ ਦਾ ਸੰਕੇਤ ਦਿੰਦਾ ਹੈ | ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਲੋਂ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਰਾਜ ਸਭਾ ਵਿਚ ਭੇਜਿਆ, ਜਿਨ੍ਹਾਂ ਨੇ ਕਦੇ ਵੀ ਪੰਜਾਬ ਦੇ ਮਸਲਿਆਂ ਸਬੰਧੀ ਪਾਰਲੀਮੈਂਟ ਵਿਚ ਅਵਾਜ਼ ਬੁਲੰਦ ਨਹੀਂ ਕੀਤੀ ਸਗੋਂ ਪੰਜਾਬ ਦੇ ਖਜ਼ਾਨੇ ਨੂੰ ਦੋਹਾਂ ਹੱਥਾਂ ਨਾਲ ਲੁਟਿਆ ਗਿਆ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਕਦੇ ਵੀ ਪੰਜਾਬ ਦੇ ਲੋਕਾਂ ਨਾਲ ਇਨਸਾਫ਼ ਨਹੀਂ ਕਰ ਸਕਦੀ, ਪੰਜਾਬ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿਧਾਨ ਸਭਾ ਦੀਆਂ 2027 ਵਿਚ ਭਰਮ ਭੁਲੇਖਾ ਦੂਰ ਹੋ ਜਾਵੇਗਾ, ਹੁਣ ਵੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਬੇਲੋੜੀ ਬਿਆਨਬਾਜ਼ੀ ਕਰਕੇ ਆਪਣੀ ਸੋਚ ਦਾ ਜਨਾਜ਼ਾ ਕੱਢ ਰਹੇ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਨੇ ਭਾਜਪਾ ਨਾਲ ਗਠਜੋੜ ਸਬੰਧੀ ਕੋਈ ਵੀ ਬਿਆਨ ਨਹੀਂ ਦਿੱਤਾ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਿਨਾਂ ਗਠਜੋੜ ਦੇ ਸਰਕਾਰ ਬਣਾਵੇਗਾ | ਇਸ ਮੌਕੇ ਸਾਬਕਾ ਏ.ਐੱਸ.ਆਈ. ਮੋਹਨ ਸਿਘ ਰਾਠੌਰ ਅਤੇ ਦਲਜੀਤ ਸਿੰਘ ਵਿਰਕ ਆਦਿ ਹਾਜ਼ਰ ਸਨ |