ਪੱਟੀ, 1 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਬੀਤੇ ਦਿਨ ਚੰਡੀਗੜ੍ਹ ਵਿਖੇ ਪੀ. ਜੀ. ਆਈ. ਪਹੁੰਚੇ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨਾਲ ਮੁਲਾਕਾਤ ਕਰਦਿਆਂ ਪੰਜਾਬ ਵਿਚ ਸਿਹਤ ਸਹੂਲਤਾਂ ਦੇ ਮਾਮਲੇ ਉੱਪਰ ਵਿਸਥਾਰ ਨਾਲ ਗੱਲਬਾਤ ਕੀਤੀ | ਇਸ ਮੌਕੇ ਉਨ੍ਹਾਂ ਨੇ ਪੀ. ਜੀ. ਆਈ. ਚੰਡੀਗੜ੍ਹ ਨੂੰ ਕੇਂਦਰ ਸਰਕਾਰ ਵਲੋਂ ਦਿੱਤੀ ਜਾ ਰਹੀ ਸਹਾਇਤਾ ਲਈ ਧੰਨਵਾਦ ਵੀ ਪ੍ਰਗਟਾਇਆ | ਇਸ ਮੌਕੇ ਕੈਰੋਂ ਨੇ ਖ਼ਾਸ ਤੌਰ 'ਤੇ ਮਾਝੇ ਅਤੇ ਮਾਲਵੇ ਖੇਤਰ ਵਿਚ ਉੱਚ ਪੱਧਰੀ ਸਿਹਤ ਸਹੂਲਤਾਂ ਦੀ ਘਾਟ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਇਸ ਕਾਰਨ ਸਾਰਾ ਭਾਰ ਪੀ.ਜੀ.ਆਈ. ਚੰਡੀਗੜ੍ਹ 'ਤੇ ਪੈਂਦਾ ਹੈ | ਉਨ੍ਹਾਂ ਨੇ ਫਿਰੋਜ਼ਪੁਰ ਵਿਖੇ ਤਿਆਰ ਹੋ ਰਹੇ ਪੀ. ਜੀ. ਆਈ. ਐੱਮ. ਈ. ਆਰ. ਸੈਟੇਲਾਈਟ ਸੈਂਟਰ ਨੂੰ ਜਲਦ ਤੋਂ ਜਲਦ ਪੂਰਾ ਕਰਨ ਅਤੇ ਇਸ ਦਾ ਵਿਸਥਾਰ ਕਰਕੇ ਇਸਨੂੰ ਇਕ ਉੱਚ ਗੁਣਵੱਤਾ ਵਾਲੇ ਸਿਖਰਲੇ ਹਸਪਤਾਲ ਵਜੋਂ ਵਿਕਸਤ ਕਰਨ ਦੀ ਜ਼ੋਰਦਾਰ ਮੰਗ ਕੀਤੀ | ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਇਕ ਮਹੱਤਵਪੂਰਨ ਰੇਲਵੇ ਕੇਂਦਰ ਹੋਣ ਕਰਕੇ ਮਾਝੇ ਅਤੇ ਮਾਲਵੇ ਦੇ ਇਲਾਕਿਆਂ ਨੂੰ ਆਪਸ ਵਿਚ ਜੋੜਦਾ ਹੈ, ਜਿਸ ਨਾਲ ਇੱਥੇ ਉੱਚ ਪੱਧਰੀ ਸਿਹਤ ਸੇਵਾਵਾਂ ਸਥਾਪਿਤ ਹੋਣ ਨਾਲ ਵੱਡੇ ਪੱਧਰ 'ਤੇ ਲੋਕਾਂ ਨੂੰ ਲਾਭ ਹੋ ਸਕਦਾ ਹੈ | ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਨੇੜੇ੍ਹ ਹੀ ਇਲਾਜ ਦੀ ਸਹੂਲਤ ਮਿਲੇਗੀ, ਸਗੋਂ ਚੰਡੀਗੜ੍ਹ ਪੀ.ਜੀ.ਆਈ. 'ਤੇ ਪੈ ਰਹੇ ਬੋਝ ਵਿਚ ਵੀ ਕਮੀ ਆਵੇਗੀ | ਕੈਰੋਂ ਨੇ ਪੀ.ਜੀ.ਆਈ. ਚੰਡੀਗੜ੍ਹ ਨਾਲ ਆਪਣੀ ਨਿੱਜੀ ਸਾਂਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਸੰਸਥਾ ਉਨ੍ਹਾਂ ਦੇ ਦਾਦਾ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਮੁੱਖ ਮੰਤਰੀ ਕਾਲ ਦੌਰਾਨ ਸਥਾਪਿਤ ਹੋਈ ਸੀ | ਇਸ ਤੋਂ ਇਲਾਵਾ ਕੈਰੋਂ ਵਲੋਂ ਕੇਂਦਰੀ ਸਿਹਤ ਮੰਤਰੀ ਨੂੰ ਇਸ ਮਾਮਲੇ ਸੰਬੰਧੀ ਇਕ ਵਿਸਤਿ੍ਤ ਪੱਤਰ ਵੀ ਭੇਜਿਆ ਗਿਆ ਹੈ, ਜਿਸ ਵਿਚ ਫਿਰੋਜ਼ਪੁਰ ਸੈਂਟਰ ਨੂੰ ਜਲਦ ਮੁਕੰਮਲ ਕਰਕੇ ਵਧਾਉਣ ਦੀ ਮੰਗ ਦੁਹਰਾਈ ਗਈ ਹੈ |