ਤਰਨ ਤਾਰਨ, 23 ਮਈ (ਹਰਿੰਦਰ ਸਿੰਘ)-ਨਗਰ ਕੌਂਸਲ ਪੱਟੀ ਤੇ ਨਗਰ ਪੰਚਾਇਤ ਭਿੱਖੀਵਿੰਡ ਦੀ 26 ਮਈ ਨੂੰ ਹੋਣ ਜਾ ਰਹੀ ਚੋਣਾਂ ਦੇ ਮੱਦੇਨਜਰ ਆਪਣੀ ਉਮੀਦਵਾਰ ਪਤਨੀ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਵਿਅਕਤੀ ਦੇ ਘਰ ਵਿਚ ਦਾਖਲ ਹੋ ਕੇ ਹਮਲਾ ਕਰਨ ਤੇ ਘਰ ਦੀ ਭੰਨਤੋੜ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ 'ਚ ਥਾਣਾ ਭਿੱਖੀਵਿੰਡ ਪੁਲਿਸ ਨੇ 8 ਵਿਅਕਤੀਆਂ ਤੋਂ ਇਲਾਵਾ 70 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਥਾਣਾ ਭਿੱਖੀਵਿੰਡ ਵਿਖੇ ਸਰਬਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 12 ਭਿੱਖੀਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੀ ਪਤਨੀ ਦੇ ਹੱਕ 'ਚ ਚੱਲ ਰਹੀਆਂ ਨਗਰ ਪੰਚਾਇਤ ਐਮ. ਸੀ. ਦੀਆਂ ਚੋਣਾਂ ਕਰ ਰਿਹਾ ਹੈ | 21 ਮਈ ਨੂੰ ਮੇਰੀ ਵਾਰਡ ਵਿਚ ਸ਼੍ਰੋਮਣੀ ਅਕਲੀ ਦਲ ਦੇ ਗੌਰਵਦੀਪ ਸਿੰਘ ਵਲਟੋਹਾ ਪੁੱਜੇ ਜਦੋਂ ਮੈਂ ਗੌਰਵਦੀਪ ਸਿੰਘ ਵਲਟੋਹਾ ਨਾਲ ਚਾਹ ਪਾਣੀ ਪੀਣ ਲਈ ਲੱਗਾ ਤਾਂ ਉਸ ਸਮੇਂ ਗੁਰਜੰਟ ਸਿੰਘ ਪੁੱਤਰ ਬਲਵੰਤ ਸਿੰਘ, ਰਾਜਬੀਰ ਸਿੰਘ ਪੁੱਤਰ ਹਰਜੀਤ ਸਿੰਘ, ਸਾਜਨ ਸਿੰਘ ਪੁੱਤਰ ਹਰਜੀਤ ਸਿੰਘ, ਨਿਹਾਲ ਸਿੰਘ ਪੁੱਤਰ ਅਜੀਤ ਸਿੰਘ, ਜਸ਼ਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਦਲੇਰ ਸਿੰਘ, ਗੋਪਾਲ ਸਿੰਘ ਪੁੱਤਰ ਅਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ, ਬਲਵਿੰਦਰ ਕੌਰ ਪਤਨੀ ਬਲਵੰਤ ਸਿੰਘ ਅਤੇ 70 ਅਣਪਛਾਤੇ ਵਿਅਕਤੀਆਂ ਨੇ ਗੁਰਜੰਟ ਸਿੰਘ ਜੰਟਾ ਦੀ ਅਗਵਾਈ ਵਿਚ ਮੇਰੇ ਘਰ ਦੇ ਬਾਹਰ ਆਣ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਸਾਡੇ 'ਤੇ ਹਮਲਾ ਕਰ ਦਿੱਤਾ ਜਿਨ੍ਹਾਂ ਪਾਸ ਦਾਤਰ, ਕਿਰਪਾਨਾ, ਕਾਪੇ ਤੇ ਡਾਂਗਾ ਸਨ | ਉਕਤ ਵਿਅਕਤੀਆਂ ਨੇ ਸਾਡਾ ਗੇਟ ਤੇ ਬਾਹਰ ਖੜ੍ਹਾ ਮੇਰਾ ਮੋਟਰਸਾਈਕਲ ਵੀ ਭੰਨ ਤੋੜ ਦਿੱਤਾ ਅਤੇ ਧਮਕੀਆ ਦਿੰਦੇ ਹੋਏ ਮੌਕਾ ਤੋੋਂ ਫਰਾਰ ਹੋ ਗਏ | ਜਾਂਚ ਅਧਿਕਾਰੀ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |