ਭਿੱਖੀਵਿੰਡ, 24 ਮਈ (ਬੌਬੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਵਿਚ ਹਰ ਪਾਰਟੀ ਨੇ ਜਿੱਥੇ ਅੱਜ ਆਪਣਾ ਪੂਰਾ ਜ਼ੋਰ ਲਗਾਇਆ ਸੀ, ਉੱਥੇ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਗੌਰਵਦੀਪ ਸਿੰਘ ਵਲਟੋਹਾ ਨੇ ਵੀ ਆਪਣੇ ਸਾਥੀਆਂ ਸਮੇਤ ਭਿੱਖੀਵਿੰਡ ਵਿਚਲੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਲਈ ਘਰ-ਘਰ ਅਤੇ ਦੁਕਾਨ-ਦੁਕਾਨ 'ਤੇ ਜਾ ਕੇ ਵੋਟਾਂ ਮੰਗੀਆਂ | ਇਸ ਮੌਕੇ ਗੱਲਬਾਤ ਕਰਦਿਆਂ ਗੌਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਅਤੇ ਭਿੱਖੀਵਿੰਡ ਚੋਣਾਂ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਜਿਤਾਉਣਗੇ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਦਾ ਮੁੱਢ ਬੰਨਿਆ ਜਾ ਸਕੇ | ਉਨ੍ਹਾਂ ਕਿਹਾ ਕਿ ਅੱਜ ਹਰ ਪਾਸੇ ਗੁੰਡਾਗਰਦੀ ਦਾ ਰਾਜ ਹੈ, ਨਸ਼ਾ, ਚੋਰੀ ਅਤੇ ਗੈਂਗਸਟਰਵਾਦ ਲੋਕਾਂ ਨੂੰ ਡਰਾ ਰਹੇ ਹਨ, ਪਰ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਤਮਾਸ਼ਾ ਵੇਖ ਰਹੀ ਹੈ | ਅੱਜ ਛੋਟੇ-ਛੋਟੇ ਦੁਕਾਨਦਾਰਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ, ਪਰ ਸਰਕਾਰ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਪਾ ਰਹੀ | ਉਨ੍ਹਾਂ ਕਿਹਾ ਕਿ ਭਿੱਖੀਵਿੰਡ ਦਾ ਵਿਕਾਸ ਪਹਿਲਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਹੀ ਭਿੱਖੀਵਿੰਡ ਨੂੰ ਨਮੂਨੇ ਦਾ ਸ਼ਹਿਰ ਬਣਾਵੇਗਾ | ਉਨ੍ਹਾਂ ਭਿੱਖੀਵਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਉਮੀਦਵਾਰਾਂ ਨੂੰ ਆਪਣੀਆਂ ਵਾਰਡਾਂ ਵਿਚ ਵੱਡੇ ਪੱਧਰ 'ਤੇ ਵੋਟਾਂ ਪਾ ਕੇ ਜਿਤਾਓ | ਇਸ ਮੌਕੇ ਉਨ੍ਹਾਂ ਨਾਲ ਜਸਕਰਨ ਸਿੰਘ ਚੱਠੂ, ਅਮਰਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਭਿੱਖੀਵਿੰਡ, ਲਖਵਿੰਦਰ ਸਿੰਘ ਬਾਊ ਕੱਪੜੇ ਵਾਲੇ, ਕੁਲਰਾਜ ਸਿੰਘ ਸਮੇਤ ਵੱਡੀ ਗਿਣਤੀ ਉਮੀਦਵਾਰ ਅਤੇ ਵਰਕਰ ਹਾਜ਼ਰ ਸਨ |