ਭਿੱਖੀਵਿੰਡ, 24 ਮਈ (ਬੌਬੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਵਿਚ ਐਤਵਾਰ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ, ਜਿਸ ਵਿਚ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਵਾਰਡ ਨੰਬਰ ਅੱਠ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੁਖਤਿਆਰ ਸਿੰਘ ਦੇ ਹੱਕ ਵਿਚ ਇਕ ਵੱਡੀ ਚੋਣ ਮੀਟਿੰਗ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੁਹਾਡੀ ਵਾਰਡ ਵਿਚ ਜੋ ਵੀ ਕੰਮ ਹੋਏ ਹਨ, ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਵਲੋਂ ਹੀ ਕਰਵਾਏ ਗਏ ਹਨ ਅਤੇ ਮੁਖਤਿਆਰ ਸਿੰਘ ਇਕ ਨੇਕ ਵਿਅਕਤੀ ਹੈ, ਜੋ ਹਰ ਸਮੇਂ ਵਾਰਡ ਦੇ ਕੰਮਾਂ ਵਿਚ ਲੱਗਾ ਰਹਿੰਦਾ ਹੈ | ਪ੍ਰੋ. ਵਲਟੋਹਾ ਨੇ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਨਗਰ ਪੰਚਾਇਤ ਭਿੱਖੀਵਿੰਡ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਰਹਿੰਦਿਆਂ ਭਿੱਖੀਵਿੰਡ ਦੇ ਵਿਕਾਸ ਲਈ ਕੋਈ ਯੋਜਨਾ ਨਹੀਂ ਬਣਾਈ ਅਤੇ ਨਾ ਹੀ ਕੋਈ ਕੰਮ ਕਰਵਾਏ | ਇਨ੍ਹਾਂ ਦੀ ਨਾਲਾਇਕੀ ਦਾ ਹੀ ਨਤੀਜਾ ਹੈ ਕਿ ਅੱਜ ਭਿਖੀਵਿੰਡ ਵਿਚ ਹਰ ਸਮੇਂ ਵੱਡੇ ਜਾਮ ਲੱਗੇ ਰਹਿੰਦੇ ਹਨ ਅਤੇ ਇਨ੍ਹਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇ ਨਗਰ ਪੰਚਾਇਤ ਭਿੱਖੀਵਿੰਡ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਭਿੱਖੀਵਿੰਡ ਦੇ ਟ੍ਰੈਫਿਕ ਦਾ ਹੱਲ ਕੱਢਿਆ ਜਾਵੇਗਾ, ਤਾਂ ਜੋ ਲੋਕ ਆਰਾਮ ਨਾਲ ਭਿੱਖੀਵਿੰਡ ਵਿਚੋਂ ਲੰਘਣ ਅਤੇ ਮੁਸ਼ਕਿਲ ਵਿਚ ਨਾ ਆਉਣ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੀਣ ਵਾਲਾ ਸਾਫ਼ ਪਾਣੀ ਵੀ ਹਰ ਘਰ ਨੂੰ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਵੱਡੇ ਪੱਧਰ 'ਤੇ ਵੋਟਾਂ ਪਾ ਕੇ ਜਿਤਾਓ, ਤਾਂ ਜੋ ਭਿੱਖੀਵਿੰਡ ਦਾ ਸਰਬਪੱਖੀ ਵਿਕਾਸ ਮੁੜ ਤੋਂ ਸ਼ੁਰੂ ਹੋ ਸਕੇ | ਇਸ ਮੌਕੇ ਕੌਂਸਲਰ ਮੁਖਤਾਰ ਸਿੰਘ, ਕੁਲਰਾਜ ਸਿੰਘ, ਅਮਰਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |