ਤਰਨ ਤਾਰਨ, 29 ਮਈ (ਇਕਬਾਲ ਸਿੰਘ ਸੋਢੀ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਤਰਨ ਵਲੋਂ ਸਥਾਨਕ ਰਾਮਗੜ੍ਹੀਆ ਬੁੰਗਾ ਵਿਖੇ ਜ਼ਿਲ੍ਹਾ ਕਨਵੈਨਸ਼ਨ ਗੁਰਦਿਆਲ ਸਿੰਘ ਖਡੂਰ ਸਾਹਿਬ, ਕਿਰਨਜੀਤ ਕੌਰ ਤੇ ਬਲਕਾਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ | ਇਸ ਪ੍ਰੋਗਰਾਮ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਬੰਤ ਬਰਾੜ ਸੂਬਾਈ ਪ੍ਰਧਾਨ ਏਟਕ ਤੇ ਨਰਿੰਦਰ ਸੋਹਲ ਉਚੇਚੇ ਤੌਰ ਸ਼ਾਮਿਲ ਹੋਏ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਸੋਹਲ ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਡੀਜ਼ਲ, ਪੈਟਰੋਲ, ਗੈਸ ਦੀਆਂ ਕੀਮਤਾਂ ਬਹੁਤ ਵਧਾਈਆਂ ਗਈਆਂ ਹਨ, ਜਿਸ ਨਾਲ ਲੋੜੀਂਦੀਆਂ ਸਭ ਵਸਤਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ | ਆਮ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਹੈ | ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤੀ ਗਈ | ਪੰਜਾਬੀ ਬੋਲੀ ਨਾਲ ਅਨਿਆ ਕੀਤਾ ਜਾ ਰਿਹਾ ਹੈ | ਇਸ ਕਰਕੇ ਲੋੜ ਕਿ ਪੰਜਾਬ ਦੇ ਲੋਕ ਮੋਦੀ ਸਰਕਾਰ ਵਿਰੁੱਧ ਡੱਟਕੇ ਖੜੇ ਹੋਵੇ | ਸੂਬਾ ਆਗੂ ਕਾਮਰੇਡ ਨਰਿੰਦਰ ਕੌਰ ਸੋਹਲ ਨੇ ਕਿਹਾ ਅੱਜ ਅਤਿ ਦੀ ਮਹਿੰਗਾਈ ਔਰਤਾਂ ਨੂੰ ਰਸੋਈ ਚਲਾਉਣੀ ਔਖੀ ਹੋ ਗਈ ਹੈ, ਹਰ ਔਰਤ ਨੂੰ ਰੁਜ਼ਗਾਰ ਮਿਲਣਾ ਬਹੁਤ ਜ਼ਰੂਰੀ ਹੈ ਅਤੇ ਮਿਹਨਤਾਨਾ ਵੀ ਘੱਟੋ ਘੱਟ 35 ਹਜ਼ਾਰ ਰੁਪਏ ਮਹੀਨਾ ਜ਼ਰੂਰ ਮਿਲਣਾ ਚਾਹੀਦਾ ਹੈ | ਕਮਿਊਨਿਸਟ ਪਾਰਟੀ ਦੇ ਆਗੂ ਪਿ੍ਥੀਪਾਲ ਸਿੰਘ ਮਾੜੀਮੇਘਾ, ਕਾਮਰੇਡ ਰਾਜਿੰਦਰਪਾਲ ਕੌਰ ਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਅੱਜ ਸਰਕਾਰਾਂ ਸਿਆਸੀ ਪਾਰਟੀਆਂ ਨਹੀਂ ਕਾਰਪੋਰੇਟ ਘਰਾਣੇ ਚਲਾ ਰਹੇ ਹੈ, ਜਿਸ ਨਾਲ ਪਾੜੋ ਤੇ ਰਾਜ ਕਰੋ ਦੀ ਨੀਤੀ ਹੋਰ ਤੇਜ਼ ਹੋ ਗਈ | ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਬਲਕਾਰ ਸਿੰਘ ਵਲਟੋਹਾ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਮਤਾ ਪਾਸ ਕਰਵਾਇਆ ਕਿ ਪੰਜਾਬ ਸਰਕਾਰ ਸ਼ੇਰੋਂ ਖੰਡ ਮਿੱਲ ਵੇਚਣ ਦੀ ਬਜਾਏ ਮੁੜ ਚਾਲੂ ਕੀਤੀ ਜਾਵੇ | ਇਸ ਮੌਕੇ ਸੀ.ਪੀ.ਐੱਮ. ਦੇ ਕਾਮਰੇਡ ਹੀਰਾ ਸਿੰਘ ਨੇ ਵੀ ਭਰਾਤਰੀ ਸੰਦੇਸ਼ ਦਿੱਤਾ | ਇਸ ਮੌਕੇ ਬਲਾਕ ਸਕੱਤਰਾਂ ਕਾਮਰੇਡ ਬਲਵਿੰਦਰ ਸਿੰਘ ਦਦੇਹਰ, ਬਲਜੀਤ ਸਿੰਘ ਫਤਿਆਬਾਦ, ਮਨਜੀਤ ਸਿੰਘ ਢੰਡ, ਚਰਨ ਸਿੰਘ, ਕਾਰਜ ਸਿੰਘ ਕੈਰੋਂ ਦੇ ਇਲਾਵਾ ਇਸਤਰੀ ਸਭਾ ਦੀ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਤਾਰਾ ਸਿੰਘ ਖਹਿਰਾ, ਜਸਬੀਰ ਸਿੰਘ ਜਿਉਣੇਕੇ, ਟਹਿਲ ਸਿੰਘ ਲੱਧੂ, ਸੀਮਾ ਸੋਹਲ, ਲਵਪ੍ਰੀਤ ਮਾੜੀਮੇਘਾ, ਬਲਵਿੰਦਰ ਸਿੰਘ ਮੂਸੇ, ਮੋਤਾ ਸਿੰਘ ਸੋਹਲ, ਰਛਪਾਲ ਸਿੰਘ ਬਾਠ ,ਵਿਸ਼ਾਲ ਵਲਟੋਹਾ, ਹਰਬਿੰਦਰ ਸਿੰਘ ਕਸੇਲ ਨੇ ਵੀ ਆਪਣੇ ਵਿਚਾਰ ਰੱਖੇ |