ਪੱਟੀ, 29 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਨਗਰ ਕੌਂਸਲ ਪੱਟੀ ਦੀਆਂ ਹੋਈਆਂ ਚੋਣਾਂ ਦੇ ਸ਼ੁੱਕਰਵਾਰ ਨੂੰ ਐਲਾਨੇ ਗਏ ਨਤੀਜਿਆਂ ਨੇ ਸ਼ਹਿਰ ਦੀ ਸਿਆਸਤ ਨੂੰ ਤਿੰਨ ਧਿਰਾਂ ਵਿਚ ਵੰਡ ਦਿੱਤਾ ਹੈ | 19 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਹਾਸਲ ਨਹੀਂ ਹੋ ਸਕਿਆ | ਨਤੀਜਿਆਂ ਮੁਤਾਬਿਕ ਕਾਂਗਰਸ ਪਾਰਟੀ ਦੇ 9 ਉਮੀਦਵਾਰ, ਆਮ ਆਦਮੀ ਪਾਰਟੀ ਦੇ 6 ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਮਰਥਕ 4 ਉਮੀਦਵਾਰ ਜੇਤੂ ਰਹੇ ਹਨ, ਜਦਕਿ ਇਨ੍ਹਾਂ ਨਤੀਜਿਆਂ ਵਿਚ ਭਾਜਪਾ ਇਕ ਵੀ ਸੀਟ ਤੋਂ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਨਹੀਂ ਹੋਈ | ਨਤੀਜਿਆਂ ਤੋਂ ਬਾਅਦ ਸ਼ਹਿਰ ਵਿਚ ਹੁਣ ਸਭ ਤੋਂ ਵੱਡੀ ਚਰਚਾ ਨਗਰ ਕੌਂਸਲ ਦੇ ਪ੍ਰਧਾਨ ਦੀ ਤਾਜਪੋਸ਼ੀ ਨੂੰ ਲੈ ਕੇ ਹੋ ਰਹੀ ਹੈ | ਕਿਸੇ ਵੀ ਪਾਰਟੀ ਕੋਲ ਪੂਰਾ ਬਹੁਮਤ ਨਾ ਹੋਣ ਕਰਕੇ ਪ੍ਰਧਾਨ ਬਣਾਉਣਾ ਫਿਲਹਾਲ ਆਸਾਨ ਨਹੀਂ ਦਿਖਾਈ ਦੇ ਰਿਹਾ | ਰਾਜਨੀਤਿਕ ਹਲਕਿਆਂ ਵਿਚ ਇਹ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਵੀ ਧਿਰ ਇਕ ਦੂਜੇ ਨੂੰ ਸਮਰਥਨ ਦੇਣ ਦੇ ਨਹੀਂ ਦੇਵੇਗੀ, ਜਿਸ ਕਾਰਨ ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਨਗਰ ਕੌਂਸਲ ਪੱਟੀ ਲੰਬੇ ਸਮੇਂ ਤੱਕ ਬਿਨਾਂ ਪ੍ਰਧਾਨ ਤੋਂ ਹੀ ਚੱਲ ਸਕਦੀ ਹੈ | ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਪੱਟੀ 'ਤੇ ਲੰਬੇ ਸਮੇਂ ਤੱਕ ਕੈਰੋਂ ਪਰਿਵਾਰ ਦਾ ਦਬਦਬਾ ਰਿਹਾ ਹੈ | ਇਸ ਤੋਂ ਬਾਅਦ ਕੁਝ ਥੋੜੇ ਸਮੇਂ ਲਈ ਕਾਂਗਰਸ ਪਾਰਟੀ ਨੇ ਕਮਾਨ ਸੰਭਾਲੀ ਅਤੇ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਹੱਥ ਆ ਗਈ ਸੀ, ਪਰ ਇਸ ਵਾਰ ਤਿੰਨਾਂ ਹੀ ਧਿਰਾਂ ਵਲੋਂ ਜਿੱਤ ਦੇ ਦਾਅਵੇ ਕਰਨ ਦੇ ਬਾਵਜੂਦ ਕਿਸੇ ਨੂੰ ਪੂਰੀ ਕਾਮਯਾਬੀ ਨਹੀਂ ਮਿਲੀ | ਜੇਕਰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ 'ਤੇ ਨਜ਼ਰ ਮਾਰੀ ਜਾਵੇ ਤਾਂ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੇ ਜੇਲ੍ਹ ਵਿਚ ਹੋਣ ਕਾਰਨ ਪੂਰੀ ਚੋਣ ਮੁਹਿੰਮ ਦੀ ਕਮਾਨ ਉਨ੍ਹਾਂ ਦੀ ਧਰਮ ਪਤਨੀ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਦੇ ਹੱਥ ਵਿਚ ਸੀ | ਹਾਲਾਂਕਿ ਉਹ ਪ੍ਰਭਾਵਸ਼ਾਲੀ ਚੋਣ ਪ੍ਰਚਾਰ ਕਰਨ ਵਿਚ ਉਮੀਦਾਂ ਅਨੁਸਾਰ ਕਾਮਯਾਬ ਨਹੀਂ ਹੋ ਸਕੇ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪਾਰਟੀ ਦੇ ਕਈ ਮਜ਼ਬੂਤ ਮੰਨੇ ਜਾਂਦੇ ਉਮੀਦਵਾਰ ਹਾਰ ਗਏ | ਖਾਸ ਗੱਲ ਇਹ ਵੀ ਰਹੀ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਆਪਣਾ ਵਾਰਡ ਵੀ ਪਾਰਟੀ ਨਹੀਂ ਜਿੱਤ ਸਕੀ | ਦੂਜੇ ਪਾਸੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲਈ ਵੀ ਇਹ ਚੋਣਾਂ ਪੂਰੀ ਤਰ੍ਹਾਂ ਸੰਤੋਸ਼ਜਨਕ ਨਹੀਂ ਰਹੀਆਂ | ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਉਮੀਦਵਾਰਾਂ ਦੀ ਚੋਣ ਸਹੀ ਸਮੇਂ 'ਤੇ ਨਾ ਹੋਣਾ ਕੈਰੋਂ ਧਿਰ ਲਈ ਵੱਡਾ ਨੁਕਸਾਨ ਸਾਬਿਤ ਹੋਇਆ, ਜਿਸ ਕਾਰਨ ਉਹ ਸਿਰਫ਼ ਚਾਰ ਸੀਟਾਂ ਤੱਕ ਹੀ ਸੀਮਿਤ ਰਹੇ | ਕਾਂਗਰਸ ਪਾਰਟੀ ਭਾਵੇਂ ਸਭ ਤੋਂ ਵੱਡੀ ਧਿਰ ਵਜੋਂ ਸਾਹਮਣੇ ਆਈ ਹੈ, ਪਰ ਉਸ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲ ਸਕਿਆ | ਇਸ ਦੇ ਪਿੱਛੇ ਇਕ ਵੱਡਾ ਕਾਰਨ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਨੂੰ ਮੰਨਿਆ ਜਾ ਰਿਹਾ ਹੈ | ਚੋਣ ਪ੍ਰਚਾਰ ਦੌਰਾਨ ਇਕ ਪਾਸੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਰਗਰਮ ਦਿਖਾਈ ਦਿੱਤੇ, ਜਦਕਿ ਦੂਜੇ ਪਾਸੇ ਯੂਥ ਕਾਂਗਰਸੀ ਆਗੂ ਹਰਮਨ ਸੇਖੋਂ ਦੀ ਵੱਖਰੀ ਸਿਆਸੀ ਲਕੀਰ ਵੀ ਸਾਫ਼ ਨਜ਼ਰ ਆਈ | ਪਾਰਟੀ ਦੇ ਦੋ ਫਾੜ ਹੋਣ ਕਾਰਨ ਕਾਂਗਰਸ ਵੀ ਪੂਰੇ ਬਹੁਮਤ ਤੋਂ ਦੂਰ ਰਹੀ | ਇਸ ਤੋਂ ਇਲਾਵਾ ਭਾਜਪਾ, ਜਿਸ ਨੇ ਪਹਿਲੀ ਵਾਰ ਸ਼ਹਿਰ ਦੀਆਂ 12 ਵਾਰਡਾਂ 'ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ, ਉਨ੍ਹਾਂ ਵਿਚੋਂ ਕੋਈ ਵੀ ਉਮੀਦਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ | ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਇਹ ਤਿੰਨੇ ਧਿਰਾਂ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਇਕ ਦੂਜੇ ਨੂੰ ਸਮਰਥਨ ਦੇਣਗੀਆਂ ਜਾਂ ਫਿਰ ਅੱਜ ਤੋਂ ਹੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪੋ ਆਪਣੀ ਸਿਆਸੀ ਰਣਨੀਤੀ 'ਤੇ ਕੰਮ ਸ਼ੁਰੂ ਕਰ ਦੇਣਗੀਆਂ | ਰਾਜਨੀਤਿਕ ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਨਗਰ ਕੌਂਸਲ ਦੀਆਂ ਇਨ੍ਹਾਂ ਚੋਣਾਂ ਦੇ ਅਧਾਰ 'ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅੰਦਾਜ਼ਾ ਲਗਾਉਣਾ ਠੀਕ ਨਹੀਂ ਹੋਵੇਗਾ | ਕਾਰਨ ਇਹ ਹੈ ਕਿ ਨਗਰ ਕੌਂਸਲ ਚੋਣਾਂ ਵਿਚ ਵੋਟਰ ਅਕਸਰ ਪਾਰਟੀ ਦੀ ਬਜਾਏ ਸਥਾਨਕ