ਤਰਨ ਤਾਰਨ, 12 ਜੂਨ (ਪਰਮਜੀਤ ਜੋਸ਼ੀ)—ਬੀਤੀ ਰਾਤ ਨੂੰ ਆਏ ਭਾਰੀ ਤੂਫ਼ਾਨ ਅਤੇ ਹਨੇਰੀ ਕਾਰਨ ਜਿੱਥੇ ਜ਼ਿਲ੍ਹੇ ਭਰ ਵਿਚ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ, ਉਥੇ ਭਾਰੀ ਤੂਫ਼ਾਨ ਅਤੇ ਹਨੇਰੀ ਕਾਰਨ ਗਾਂਧੀ ਪਾਰਕ ਨਜ਼ਦੀਕ ਬਣੇ ਸਰਕਾਰੀ ਗੈਸਟ ਹਾਊਸ ਦੀ ਕੰਧ ਟੁੱਟ ਗਈ ਅਤੇ ਉਥੇ ਸਰਕਾਰੀ ਗੈਸਟ ਹਾਊਸ ਵਿਚ ਲੱਗ ਦਰੱਖਤ ਵੀ ਡਿੱਗ ਪਏ। ਸ਼ੁੱਕਰਵਾਰ ਨੂੰ ਜਦ ਪੱਤਰਕਾਰਾਂ ਨੇ ਦੇਖਿਆ ਕਿ ਗੈਸਟ ਹਾਊਸ ਦੇ ਅੰਦਰ ਬਾਹਰੀ ਵਿਅਕਤੀ ਟਰੈਕਟਰ ਟਰਾਲੀ ਲੈ ਕੇ ਡਿੱਗੇ ਹੋਏ ਦਰੱਖਤਾਂ ਦੀਆਂ ਟਾਹਣੀਆਂ ਅਤੇ ਤਣੇ ਲੱਦ ਕੇ ਲੈ ਗਏ, ਪਰ ਉਸ ਨੂੰ ਰੋਕਣ ਲਈ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਨਹੀਂ ਪਹੁੰਚਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਨੂੰ ਆਏ ਭਾਰੀ ਤੂਫ਼ਾਨ, ਮੀਂਹ ਤੇ ਹਨੇਰੀ ਕਾਰਨ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਦਰੱਖ਼ਤ, ਬਿਜਲੀ ਦੇ ਖੰਭੇ, ਦੁਕਾਨਾਂ ’ਤੇ ਲੱਗੇ ਬੋਰਡ, ਲੋਕਾਂ ਘਰਾਂ ’ਤੇ ਲੱਗੀਆਂ ਟੀਨਾਂ ਅਤੇ ਹੋਰ ਸਾਮਾਨ ਉਡ ਗਿਆ। ਭਾਵੇਂ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਇਆ ਹੈ। ਸਰਕਾਰੀ ਗੈਸਟ ਹਾਊਸ ਤਰਨ ਤਾਰਨ ਵਿਖੇ ਬਾਹਰਵਾਰ ਬਣੀ ਕੰਧ ਵੀ ਡਿੱਗ ਪਈ ਅਤੇ ਇਸ ਦੇ ਅੰਦਰ ਸਫੈਦੇ ਅਤੇ ਹੋਰ ਦਰੱਖਤ ਵੀ ਡਿੱਗੇ। ਇਹ ਸਰਕਾਰੀ ਗੈਸਟ ਹਾਊਸ ਪਹਿਲਾਂ ਸਾਬਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਲੋਂ ਕੈਂਪ ਆਫਿਸ ਬਣਾਇਆ ਗਿਆ ਸੀ, ਜਿਥੇ ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਸਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਸਾਬਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਇਸ ਕੈਂਪਸ ਹਾਊਸ ’ਤੇ ਬੈਠਣ ਲੱਗੇ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਕੈਂਪਸ ਦਫ਼ਤਰ ਖ਼ਾਲੀ ਹੋ ਗਿਆ ਅਤੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਇਸ ਨੂੰ ਨਹੀਂ ਵਰਤਿਆ ਗਿਆ। ਇਸ ਖ਼ਾਲੀ ਹੋਏ ਸਰਕਾਰੀ ਗੈਸਟ ਹਾਊਸ ’ਤੇ ਹੁਣ ਕੁਝ ਵਿਅਕਤੀਆਂ ਵਲੋਂ ਬਾਹਰੀ ਅਤੇ ਅੰਦਰ ਸਾਫ਼ ਸਫ਼ਾਈ ਕਰਵਾਈ ਗਈ। ਹੁਣ ਹਨੇਰੀ ਅਤੇ ਤੂਫ਼ਾਨ ਕਾਰਨ ਅੰਦਰ ਡਿੱਗੇ ਸਰਕਾਰੀ ਰੁੱਖਾਂ ਦੇ ਵੱਡੇ ਟਾਹਣਿਆਂ ਨੂੰ ਬਾਹਰੀ ਵਿਅਕਤੀਆਂ ਵਲੋਂ ਟਰਾਲੀਆਂ ’ਤੇ ਲੱਦ ਕੇ ਲਿਜਾਇਆ ਗਿਆ, ਪਰ ਇਸ ਨੂੰ ਕਿਸੇ ਨੇ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸੰਬੰਧ ਵਿਚ ਜਦ ਗੈਸਟ ਹਾਊਸ ਦੇ ਨਾਲ ਬਣੇ ਪੀ.ਡਬਲਯੂ.ਡੀ. ਵਿਭਾਗ ਦੇ ਦਫ਼ਤਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਸੰਬੰਧੀ ਪੱਲ੍ਹਾ ਝਾੜ ਦਿੱਤਾ। ਦੂਜੇ ਪਾਸੇ ਐਸ.ਡੀ.ਐਮ. ਡਾ. ਕਰਨਵੀਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਕੋਈ ਵੀ ਬਾਹਰੀ ਵਿਅਕਤੀ ਸਰਕਾਰੀ ਥਾਂ ਜਾਂ ਦਫ਼ਤਰ ਤੋਂ ਬਿਨਾਂ ਇਜ਼ਾਜਤ ਜਾਂ ਟੈਂਡਰ ਤੋਂ ਇਕ ਇੱਟ ਵੀ ਨਹੀਂ ਲਿਜਾ ਸਕਦਾ। ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ, ਜੋ ਵੀ ਵਿਅਕਤੀ ਗ਼ਲਤ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਉਹ ਸੰਬੰਧਿਤ ਮਹਿਕਮੇਂ ਦੀ ਜਾਣਕਾਰੀ ਹਾਸਲ ਕਰਨਗੇ ਕਿ ਇਹ ਕਿਸ ਮਹਿਕਮੇਂ ਦੀ ਗੈਸਟ ਹਾਊਸ ’ਤੇ ਮਲਕੀਅਤ ਹੈ। ਇਸ ਸੰਬੰਧ ਵਿਚ ਪ੍ਰਮੁੱਖ ਸਮਾਜ ਸੇਵੀ ਹੀਰਾ ਸਿੰਘ ਕੰਡਿਆਂਵਾਲੇ ਨੇ ਕਿਹਾ ਕਿ ਸਰਕਾਰ ਆਪਣੀਆਂ ਸਰਕਾਰੀ ਜਾਇਦਾਦਾਂ ਨੂੰ ਸਾਂਭ ਸੰਭਾਲ ਵਿਚ ਅਸਫ਼ਲ ਹੋਣ ਕਾਰਨ ਬਾਹਰੀ ਲੋਕ ਇਨ੍ਹਾਂ ਜਾਇਦਾਦਾਂ ਵਿਚੋਂ ਬਿਨਾਂ ਕਿਸੇ ਇਜ਼ਾਜਤ ਸਾਮਾਨ ਲੈ ਕੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਜਿਸ ਵਿਭਾਗ ਵਲੋਂ ਬਿਨਾਂ ਕਿਸੇ ਇਜ਼ਾਜਤ ਇਹ ਥਾਂ ਬਾਹਰੀ ਵਿਅਕਤੀ ਨੂੰ ਦਿੱਤੀ ਹੈ ਜਾਂ ਬਾਹਰੀ ਵਿਅਕਤੀ ਇਥੋਂ ਕੀ ਲੈ ਕੇ ਜਾ ਰਹੇ ਹਨ ਅਤੇ ਕੀ ਲੈ ਕੇ ਆ ਰਹੇ ਹਨ, ਪੂਰੀ ਜਾਂਚ ਹੋਣੀ ਚਾਹੀਦੀ ਹੈ।