ਤਰਨ ਤਾਰਨ, 12 ਜੂਨ ( ਹਰਿੰਦਰ ਸਿੰਘ)–ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਹਦੂਦ ਅੰਦਰ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੇਅਦਬੀ ਕਰਨ ਦੀ ਕੀਤੀ ਗਈ ਕੋਸ਼ਿਸ਼ ਨੇ ਇਕ ਵਾਰ ਫਿਰ ਸਿੱਖ ਕੌਮ ਦੇ ਮਨਾਂ ਅੰਦਰ ਡੂੰਘੀ ਚਿੰਤਾ ਅਤੇ ਰੋਸ ਪੈਦਾ ਕੀਤਾ ਹੈ। ਇਹ ਘਟਨਾ ਕੋਈ ਆਮ ਅਪਰਾਧ ਨਹੀਂ ਸਗੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ, ਗੁਰੂ ਸਾਹਿਬ ਦੀ ਮਾਣ-ਮਰਿਆਦਾ ਅਤੇ ਪੰਜਾਬ ਦੇ ਅਮਨ ‘ਤੇ ਭਾਈਚਾਰਕ ਸਾਂਝ ਨੂੰ ਨਿਸ਼ਾਨਾ ਬਣਾਉਣ ਵਾਲੀ ਇਕ ਗੰਭੀਰ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੁੰਦੀ ਹੈ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਇਸ ਘਟਨਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਪੂ ਤਰਸੇਮ ਸਿੰਘ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਵਾਪਰੀਆਂ ਗੰਭੀਰ ਘਟਨਾਵਾਂ ਤੋਂ ਬਾਅਦ ਵੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੌਮ ਨੂੰ ਇਹ ਨਹੀਂ ਦੱਸਿਆ ਕਿ ਇਨ੍ਹਾਂ ਪਿੱਛੇ ਅਸਲ ਤਾਕਤਾਂ ਕੌਣ ਹਨ। ਹਰ ਵਾਰ ਕੋਈ ਵਿਅਕਤੀ ਫੜਿਆ ਜਾਂਦਾ ਹੈ, ਪਰ ਉਸ ਨੂੰ ਭੇਜਣ ਵਾਲੇ, ਉਸਦੀ ਮਦਦ ਕਰਨ ਵਾਲੇ ਅਤੇ ਪੂਰੀ ਸਾਜ਼ਿਸ਼ ਨੂੰ ਚਲਾਉਣ ਵਾਲੇ ਚਿਹਰੇ ਕਦੇ ਸਾਹਮਣੇ ਨਹੀਂ ਆਉਂਦੇ। ਇਹ ਹਾਲਾਤ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਖਾਂ ਦੇ ਸਭ ਤੋਂ ਸਰਬਉੱਚ ਧਾਰਮਿਕ ਸਥਾਨ ‘ਤੇ ਵਾਰ-ਵਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਸਾਲਾਂ ਬਾਅਦ ਵੀ ਸਾਜ਼ਿਸ਼ਕਾਰਾਂ ਦਾ ਪਤਾ ਨਹੀਂ ਲੱਗਦਾ, ਤਾਂ ਸਰਕਾਰਾਂ ਦੀ ਨੀਯਤ ’ਤੇ ਸ਼ੱਕ ਪੈਦਾ ਹੋਣਾ ਸੁਭਾਵਿਕ ਹੈ। ਸਰਕਾਰਾਂ ਦੀ ਜ਼ਿੰਮੇਵਾਰੀ ਸਿਰਫ਼ ਘਟਨਾ ਤੋਂ ਬਾਅਦ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨਾ ਨਹੀਂ, ਸਗੋਂ ਕੌਮ ਨੂੰ ਪੂਰਾ ਸੱਚ ਦੱਸਣਾ ਵੀ ਹੈ, ਜਿਸ ਵਿੱਚ ਉਹ ਲਗਾਤਾਰ ਅਸਫ਼ਲ ਰਹਿ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਬੇਅਦਬੀ ਦੀ ਕੋਸ਼ਿਸ਼ ਦਾ ਹਰ ਮਾਮਲਾ ਸਿੱਖ ਕੌਮ ਦੀ ਰੂਹ ਉੱਤੇ ਕੀਤਾ ਗਿਆ ਹਮਲਾ ਹੈ। ਜਦੋਂ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਨ ਅਤੇ ਉਨ੍ਹਾਂ ਦੇ ਪਿੱਛੇ ਦੀ ਸੱਚਾਈ ਹਮੇਸ਼ਾਂ ਧੁੰਦ ਵਿਚ ਰੱਖੀ ਜਾਵੇ ਤਾਂ ਇਹ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ। ਅੱਜ ਸਮਾਂ ਆ ਗਿਆ ਹੈ ਕਿ ਸਿੱਖ ਕੌਮ ਇਨ੍ਹਾਂ ਘਟਨਾਵਾਂ ਨੂੰ ਇਕੱਲੇ-ਇਕੱਲੇ ਮਾਮਲਿਆਂ ਵਜੋਂ ਦੇਖਣ ਦੀ ਬਜਾਏ ਇੱਕ ਵੱਡੇ ਸੰਦਰਭ ਵਿਚ ਵੇਖੇ। ਪੰਜਾਬ, ਪੰਥ ਅਤੇ ਸਿੱਖ ਸੰਸਥਾਵਾਂ ਨੂੰ ਅਸਥਿਰ ਕਰਨ ਲਈ ਚੱਲ ਰਹੀਆਂ ਤਾਕਤਾਂ ਨੂੰ ਪਛਾਣਨਾ ਅਤੇ ਉਨ੍ਹਾਂ ਦੀਆਂ ਚਾਲਾਂ ਨੂੰ ਨਾਕਾਮ ਕਰਨਾ ਸਮੇਂ ਦੀ ਵੱਡੀ ਲੋੜ ਹੈ।