ਹਰੀਕੇ ਪੱਤਣ, 28 ਜੂਨ (ਸੰਜੀਵ ਕੁੰਦਰਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 135ਵੇਂ ਮਨ ਕੀ ਬਾਤ ਪ੍ਰੋਗਰਾਮ ਉੱਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਹਰੀਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕਾਂ ਲਈ ਕੀਤੇ ਜਾ ਰਹੇ ਪ੍ਰੇਰਨਾਦਾਇਕ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੀ ਅਸਲੀ ਤਾਕਤ ਇਸ ਦੇ ਸਵਾ ਸੌ ਕਰੋੜ ਤੋਂ ਵੱਧ ਨਾਗਰਿਕਾਂ ਦੀ ਭਾਗੀਦਾਰੀ ਅਤੇ ਸੇਵਾ ਭਾਵਨਾ ਵਿਚ ਵਸਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਆਮ ਨਾਗਰਿਕ ਸਮਾਜ ਅਤੇ ਰਾਸ਼ਟਰ ਦੇ ਹਿੱਤ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕਰਦੇ ਹਨ ਤਾਂ ਉਹ ਦੂਜਿਆਂ ਲਈ ਵੀ ਪ੍ਰੇਰਨਾ ਬਣਦੇ ਹਨ।ਉਨ੍ਹਾਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ, ਸਫਾਈ, ਪਾਣੀ ਦੀ ਬਚਤ, ਰੁੱਖ ਲਗਾਉਣ ਅਤੇ ਸਮਾਜ ਸੇਵਾ ਵਰਗੇ ਕਾਰਜਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਵਿਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਨਵੀਨ ਸੋਚ, ਮਿਹਨਤ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਨਾਲ ਭਾਰਤ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਤਰੱਕੀ ਜਨ ਭਾਗੀਦਾਰੀ ਨਾਲ ਹੀ ਸੰਭਵ ਹੈ ਅਤੇ ਹਰ ਨਾਗਰਿਕ ਦੀ ਛੋਟੀ ਜਿਹੀ ਕੋਸ਼ਿਸ਼ ਵੀ ਵੱਡਾ ਬਦਲਾਅ ਲਿਆ ਸਕਦੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਦੇ ਕਾਰਜਾਂ ਵਿਚ ਲਗਾਤਾਰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਦੇਸ਼ ਵਾਸੀਆਂ ਦੀ ਸਾਂਝੀ ਤਾਕਤ ਤੇ ਸੰਕਲਪ ਨਾਲ ਭਾਰਤ ਹਰ ਖੇਤਰ ਵਿਚ ਨਵੀਆਂ ਉਚਾਈਆਂ ਨੂੰ ਛੂਹੇਗਾ। 135ਵਾਂ ਮਨ ਕੀ ਬਾਤ ਪ੍ਰੋਗਰਾਮ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਹਰੀਕੇ ਨੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਬੁਰਜਦੇਵਾ ਸਿੰਘ ਬੂਥ ਨੰਬਰ 154 ਐੱਸ.ਸੀ. ਮੋਰਚਾ ਹਰੀਕੇ ਸਰਕਲ ਪ੍ਰਧਾਨ ਹਰਦੇਵ ਸਿੰਘ ਦੇ ਗ੍ਰਹਿ ਵਿਖੇ ਵਰਕਰਾਂ ਤੇ ਸਾਥੀਆਂ ਨਾਲ ਸੁਣਿਆ। ਇਸ ਮੌਕੇ ਪਾਰਟੀ ਦੇ ਅਹੁਦੇਦਾਰ ਦੇ ਆਗੂ ਹਾਜ਼ਰ ਸਨ।
‘ਮਨ ਕੀ ਬਾਤ’ ਦੇ 135ਵੇਂ ਐਪੀਸੋਡ ’ਚ ਸਮਾਜਿਕ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਦਾ ਜ਼ੋਰ- ਸ਼ਿਵ ਕੁਮਾਰ ਸੋਨੀ
ਅਜੀਤ ਡੈਸਕ
29-06-2026