ਬਾਬਾ ਬਕਾਲਾ ਸਾਹਿਬ, 2 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੇ ਪਿੰਡ ਚੀਮਾਬਾਠ ਵਿਖੇ ਵਾਪਰੀ ਗੋਲੀਬਾਰੀ ਦੀ ਸਨਸਨੀਖੇਜ਼ ਵਰਦਾਤ ਨੂੰ ਸੁਲਝਾਉਂਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਹ ਕਾਰਵਾਈ ਕੰਵਲਪ੍ਰੀਤ ਸਿੰਘ ਚਾਹਲ, ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ ਦਿਹਾਤੀ ਵਲੋਂ ਅਪਰਾਧਕ ਤੱਤਾਂ ਵਿਰੁੱਧ ਦਿੱਤੀਆਂ ਸਖ਼ਤ ਹਦਾਇਤਾਂ ‘ਤੇ ਸੁਖਪਾਲ ਸਿੰਘ ਡੀ.ਐੱਸ.ਪੀ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਨਿੱਜੀ ਨਿਗਰਾਨੀ ਹੇਠ ਸਿਰੇ ਚਾੜ੍ਹੀ ਗਈ । ਅੱਜ ਇੱਥੇ ਡੀ.ਐੱਸ.ਪੀ. ਦਫਤਰ ਵਿਖੇ ਪ੍ਰੱੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਨੇ ਦੱਸਿਆ ਹੈ ਕਿ ਮਿਤੀ 23-06-2026 ਨੂੰ ਕਰੀਬ ਸ਼ਾਮ 3 ਵਜੇ ਲਵਪ੍ਰੀਤ ਸਿੰਘ ਉਰਫ਼ ਲਵਲੀ ਪੁੱਤਰ ਭੁਪਿੰਦਰ ਸਿੰਘ ਅਤੇ ਰਮਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਦੋਵੇਂ ਵਾਸੀ ਪਿੰਡ ਚੀਮਾਬਾਠ ਆਪਣੇ ਪਿੰਡ ਦੇ ਮੋੜ ਉੱਤੇ ਖੜ੍ਹੇ ਸਨ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਹਈ ਬਹਿਸਬਾਜ਼ੀ ਦੌਰਾਨ ਪਿਛਲੀ ਸੀਟ ‘ਤੇ ਬੈਠ ਵਿਅਕਤੀ ਨੇ ਡੱਬ ਵਿਚੋਂ ਪਿਸਤੌਲ ਕੱਢ ਕੇ ਲਵਪ੍ਰੀਤ ਸਿੰਘ ਉੱਤੇ ਕਾਤਲਨਾ ਹਮਲਾ ਕਰਦਿਆਂ ਲਗਾਤਾਰ ਤਿੰਨ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਗੋਲੀ ਉਸ ਦੇ ਖੱਬੇ ਪੱਟ ਵਿਚ ਜਾ ਵੱਜੀ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਮੁਲਜ਼ਮ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਫੇਰੂਮਾਨ ਵੱਲ ਫ਼ਰਾਰ ਹੋ ਗਏ। ਉਪਰੰਤ ਖ਼ੁਫ਼ੀਆ ਸੂਤਰ ਦੇ ਆਧਾਰ ‘ਤੇ ਗੋਲੀ ਚਲਾਉਣ ਵਾਲੇ ਮੁਲਾਜ਼ਮ ਦੀ ਸ਼ਨਾਖ਼ਤ ਪ੍ਰਿੰਸ ਬਾਵਾ ਉਰਫ਼ ਸੰਬੀ ਪੁੱਤਰ ਪ੍ਰਦੁਮਨ ਲਾਲ ਵਾਸੀ ਫੇਰੂਮਾਨ ਰੋਡ ਰਈਆ ਵਜੋਂ ਹੋਈ। ਪੁਲਿਸ ਨੇ ਲਵਪੀ੍ਰਤ ਸਿੰਘ ਦੇ ਬਿਆਨ ‘ਤੇ ਥਾਣਾ ਬਿਆਸ ਵਿਖੇ ਮੁਕੱਦਮਾ ਨੰਬਰ 184 ਮਤੀ 23-06-2026 ਤਹਿਤ ਧਾਰ 109, 3 (5) ਬੀ.ਐੱਸ.ਐੱਸ. ਅਤੇ 25 ਆਰਮਜ ਐਕਟ ਦਰਜ ਕਰਕੇ ਐੱਸ. ਆਈ. ਸਿਕੰਦਰ ਲਾਲ ਵਲੋਂ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ। ਤਫ਼ਤੀਸ਼ ਦੌਰਾਨ ਪੁਲਿਸ ਟੀਮ ਨੇ ਤੇਜ ਨਾਲ ਕਾਰਵਾਈ ਕਰਦਿਆਂ ਦੋਸ਼ੀ ਮੁੱਖ ਦੋਸ਼ੀ ਪ੍ਰਿੰਸ ਬਾਵਾ ਨੂੰ ਮਿਤੀ 01-07-2026 ਨੂੰ ਗ੍ਰਿਫ਼ਤਾਰ ਕਰ ਲਿਆ । ਤਫ਼ਤੀਸ਼ ਦੌਰਾਨ ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਖਬਰ ਖਾਸ ਦੀ ਇਤਲਾਹ ‘ਤੇ ਮਿਤੀ 25-6-26 ਨੂੰ ਦੋਸ਼ੀ ਜਸਵਿੰਦਰ ਸਿੰਘ ਉਰਫ ਬੌਕਸਰ ਪੁੱਤਰ ਮੁਖਤਿਆਰ ਸਿੰਘ, ਵਾਸੀ ਵਜ਼ੀਰ ਭੁੱਲਰ ਨੂੰ ਗ੍ਰਿਫਤਾਰ ਕੀਤਾ ਅਤੇ ਦੋਸ਼ੀ ਪ੍ਰਿੰਸ ਬਾਵਾ ਨੂੰ ਮਿਤੀ 01-07-2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਜਸਵਿੰਦਰ ਸਿੰਘ ਬੌਕਸਰ ਦੇ ਖ਼ਿਲਾਫ਼ ਪਹਿਲਾਂ ਵੀ ਚਾਰ ਮੁਕੱਦਮੇ ਦਰਜ ਹਨ ਅਤੇ ਇਵੇਂ ਹੀ ਗ੍ਰਿਫਤਾਰ ਦੋਸ਼ੀ ਪ੍ਰਿੰਸ ਬਾਵਾ ਦੇ ਖ਼ਿਲਾਫ਼ ਤਿੰਨ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਬਰਾਮਦਗੀ ਬਰੇਟਾ ਪਿਸਟਲ 30 ਬੋਰ ਸਮੇਤ ਤਿੰਨ ਜਿੰਦਾ ਰੌਂਦ ਬਰਾਮਦ ਕੀਤੇ ਹਨ। ਦੋਸ਼ੀਆਂ ਨੂੰ ਅੱਜ ਮਾਣਯੋਗ ਐੱਸ.ਡੀ.ਜੇ.ਐੱਮ. ਬਾਬਾ ਬਕਾਲਾ ਸਾਹਿਬ ਸ: ਜਸਪ੍ਰੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕਰਕੇ ਦੋਸ਼ੀਆਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਮੌਕੇ ਥਾਣਾ ਮੁਖੀ ਬਿਆਸ ਗੁਰਵਿੰਦਰ ਸਿੰਘ ਅਤੇ ਐਸ.ਆਈ ਸਿਕੰਦਰ ਲਾਲ, ਚਰਨਕੰਵਲ ਸਿੰਘ ਰੀਡਰ ਵੀ ਹਾਜ਼ਰ ਸਨ ।