!ਤਰਨ ਤਾਰਨ, 8 ਜੁਲਾਈ (ਇਕਬਾਲ ਸਿੰਘ ਸੋਢੀ)—ਨੌਜਵਾਨਾਂ ਨੂੰ ਆਪਣਾ ਧਿਆਨ ਖੇਡਾਂ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ ਕਿਉਂਕਿ ਖੇਡਾਂ ਜਿਥੇ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਅਤੇ ਨਿਰੋਗ ਬਣਾਉਂਦੀਆਂ ਹਨ, ਉਥੇ ਸਾਡੇ ਮਾਨਸਕਿਤਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੋਲਡ ਹੈਲਥ ਕਲੱਬ ਤਰਨ ਤਾਰਨ ਦੇ ਕੋਚ ਜਸਬੀਰ ਸਿੰਘ ਮਿੰਟੂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ, ਜਿਨ੍ਹਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਪਰਿਵਾਰ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਸਿਹਤ ਬਣਾਉਣ ਲਈ ਪ੍ਰੋਟੀਨ ਦੇ ਡਿੱਬੇ ਜਿਨ੍ਹਾਂ ਵਿਚ ਵੱਡੇ ਪੱਧਰ ’ਤੇ ਮਿਲਾਵਟ ਹੁੰਦੀ ਹੈ, ਜਿਸ ਨਾਲ ਸਿਹਤ ਉਪਰ ਬੁਰਾ ਅਸਰ ਪੈਂਦਾ ਹੈ ਅਤੇ ਸਰੀਰ ਨੂੰ ਕਈ ਭਿਆਨਕ ਬੀਮਾਰੀਆਂ ਜਕੜ ਲੈਂਦੀਆਂ ਹਨ, ਇਸ ਲਈ ਨੌਜਵਾਨਾਂ ਨੂੰ ਇਨ੍ਹਾਂ ਪ੍ਰੋਡੈਕਟਾਂ ਤੋਂ ਪ੍ਰਹੇਜ ਰੱਖਣਾ ਚਾਹੀਦਾ ਹੈ ਅਤੇ ਇਸਦੀ ਜਗ੍ਹਾ ਸ਼ੁੱਧ ਦੁੱਧ, ਦਹੀ, ਪਨੀਰ ਅਤੇ ਦੇਸੀ ਖੁਰਾਕ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਜੋ ਸਰੀਰ ਨੂੰ ਕੋਈ ਨੁਕਸਾਨ ਨਾ ਹੋ ਸਕੇ। ਇਸ ਮੌਕੇ ਗੌਰਵ, ਜਗਦੀਪ ਸਿੰਘ, ਗੁਰਜੀਤ ਸਿੰਘ, ਜਸ਼ਨਦੀਪ ਸਿੰਘ, ਅਮਰਜੀਤ ਸਿੰਘ, ਰਿਸ਼ਭ, ਮਨਪ੍ਰੀਤ ਸਿੰਘ, ਰਵੀ ਆਦਿ ਮੌਜੂਦ ਸਨ।