ਲੁਧਿਆਣਾ, 25 ਅਪ੍ਰੈਲ (ਜਤਿੰਦਰ ਭੰਬੀ)-ਵਰਕਰਜ਼ ਫੈਡਰੇਸ਼ਨ ਪੀ. ਐਸ. ਪੀ. ਸੀ. ਐਲ. ਐਂਡ ਪੀ. ਐਸ. ਟੀ. ਸੀ. ਐਲ. ਪੰਜਾਬ ਦੇ ਪ੍ਰਧਾਨ ਸਵਰਨ ਸਿੰਘ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਚਾਹੀਦਾ ਕਿ ਉਹ ਮੁਲਾਜ਼ਮਾਂ ਦਾ 30 ਜੂਨ ਤੱਕ ਡੀ.ਏ ਅਤੇ ਬਕਾਏ ਦਾ ਭੁਗਤਾਨ ਕਰੇ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਜਿੱਥੇ ਖਪਤਕਾਰ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਲਾਲ ਜੂਝ ਰਿਹਾ, ਉਥੇ ਹੀ ਬਿਜਲੀ ਮੁਲਾਜ਼ਮਾਂ ਦੀ ਘਾਟ ਕਾਰਨ ਮੁਲਾਜ਼ਮਾਂ ਨੂੰ ਲੰਬਾ ਸਮਾਂ ਡਿਊਟੀ ਦੇਣੀ ਪੈ ਰਹੀ ਹੈ, ਪਰ ਪਾਵਰਕਾਮ 'ਚ ਖ਼ਾਲੀ ਪਈਆਂ ਅਸਾਮੀਆਂ ਭਰਨ ਦਾ ਨਾਂਅ ਨਹੀਂ ਲੈ ਰਹੀ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਏ.ਐਲ.ਐਮ., ਐਲ.ਐਮ. ਦੀਆਂ ਖ਼ਾਲੀ ਪਈਆਂ ਅਸਾਮੀਆਂ ਨਹੀਂ ਭਰੀਆਂ ਜਾ ਰਹੀਆਂ, ਜਿਸ ਬਾਰੇ ਅਸੀਂ ਕਈ ਵਾਰ ਮੰਗ ਕਰ ਚੁੱਕੇ ਹਾਂ ਕਿ ਸਰਕਾਰ ਖ਼ਾਲੀ ਪਈਆਂ ਅਸਾਮੀਆਂ ਨੂੰ ਭਰ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ | ਉਨ੍ਹਾਂ ਕਿਹਾ ਕਿ ਪਾਵਰਕਾਮ ਤੋਂ ਇਲਾਵਾ ਹੋਰਨਾਂ ਵਿਭਾਗਾਂ ਵਿਚ ਵੀ ਕਰਮਚਾਰੀਆਂ ਦੀ ਘਾਟ ਕਾਰਨ ਆਮ ਲੋਕਾਂ ਨੂੰ ਕੰਮ ਕਰਵਾਉਣ ਵਿਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਖ਼ਾਲੀ ਪਈਆਂ ਅਸਾਮੀਆਂ ਭਰ ਕੇ ਵਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਂਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ |