ਲੁਧਿਆਣਾ, 27 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਮੁਲਾਜ਼ਮ ਐਸੋਸੀਏਸ਼ਨ ਵਲੋਂ ਚੇਅਰਮੈਨ ਰਾਹੁਲ ਡੁਲਗਚ ਦੀ ਅਗਵਾਈ ਵਿਚ ਪੰਜਾਬ ਤੇ ਨਿਗਮ ਪ੍ਰਸ਼ਾਸ਼ਨ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ਼ ਸਥਾਨਕ ਜੋਨ- ਡੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੁਲਾਜ਼ਮ ਐਸੋਸੀਏਸ਼ਨ ਦੇ ਆਗੂਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫ਼ੂਕਿਆ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਰਾਹੁਲ ਡੁਲਗਚ ਨੇ ਦੱਸਿਆ ਕਿ ਪੰਜਾਬ ਵਿਚ ਬਦਾਲਅ ਦੇ ਨਾਮ ਉਤੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਨੇ ਸਭ ਤੋਂ ਜਿਆਦਾ ਘਾਣ ਐੱਸ. ਸੀ. ਭਾਈਚਾਰੇ ਦੇ ਹਿੱਤਾਂ ਤਾ ਕੀਤਾ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਨਗਰ ਨਿਗਮ ਲੁਧਿਆਣਾ ਦੀ ਐੱਫ਼ ਐਂਡ ਸੀ. ਸੀ. ਦੀ ਮੀਟਿੰਗ ਵਿਚ ਲੁਧਿਆਣਾ ਦੇ 26 ਵਾਰਡਾਂ ਦੇ ਸੀਵਰੇਜ ਦਾ ਕੰਮ 38 ਕਰੋੜ ਰੁਪਏ ਵਿਚ ਦੋ ਸਾਲ ਲਈ ਠੇਕੇ ਉਤੇ ਦੇਣ ਦਾ ਫ਼ੈਸਲਾ ਕੀਤਾ ਗਿਆ ਜੋ ਕਿ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਡੀ ਸੀ ਰੇਟ ਸਫ਼ਾਈ ਕਰਮਚਾਰੀਆਂ ਦੀ ਭਰਤੀ ਬੰਦ ਕੀਤੀ ਤੇ ਫ਼ਿਰ ਸਫ਼ਾਈ ਕਰਮੀ ਠੇਕੇ 'ਤੇ ਰੱਖਣ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਤੇ ਹੁਣ ਸੀਵਰਮੈਨਾਂ ਨੂੰ ਠੇਕੇ 'ਤੇ ਦੇਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਨਿਗਮ ਪ੍ਰਸ਼ਾਸ਼ਨ ਵਲੋਂ ਓਵਰਏਜ਼ ਮੁਲਾਜ਼ਮਾਂ ਨੂੰ ਹੁਣ ਤੱਕ ਪੱਕਾ ਨਹੀਂ ਕੀਤਾ ਗਿਆ ਅਤੇ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਸਰਕਾਰ ਨੂੰ ਮੁਲਾਜ਼ਮਾਂ ਦੇ ਬਕਾਇਆ ਡੀ ਏ ਦੇਣ ਤੇ ਦੀ ਯਾਦ ਆਈ ਹੈ ਤੇ ਸਭ ਤੋਂ ਨਿੰਦਣਯੋਗ ਗੱਲ ਹੈ ਕਿ ਨਿਗਮ ਪ੍ਰਸ਼ਾਸ਼ਨ ਵਲੋਂ ਬਕਾਇਦਾ ਚਿੱਠੀ ਜਾਰੀ ਕਰਕੇ ਇਹ ਤੁਗਲਕੀ ਫ਼ੁਰਮਾਨ ਜਾਰੀ ਕੀਤਾ ਗਿਆ, ਜਿਸ ਵਿਚ ਫ਼ੈਸਲਾ ਲਿਆ ਗਿਆ ਕਿ ਹੁਣ ਜੇਕਰ ਕਿਸੇ ਡੀ ਸੀ ਸਫ਼ਾਈ ਜਾਂ ਸੀਵਰਮੈਨ ਮੁਲਾਜ਼ਮ ਦੀ ਡਿਉਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਨਹੀਂ ਦਿੱਤੀ ਜਾਵੇਗੀ | ਇਸ ਦੌਰਾਨ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਵਲੋਂ ਮੌਕੇ 'ਤੇ ਪੁੱਜ ਕੇ ਮੁਲਾਜ਼ਮਾਂ ਆਗੂਆਂ ਕੋਲੋਂ ਮੰਗ ਪੱਤਰ ਵੀ ਲਿਆ ਗਿਆ | ਉਨ੍ਹਾਂ ਵਿਸ਼ਾਵਸ ਦਿਵਾਇਆ ਕਿ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕੀਤਾ ਜਾਵੇਗਾ | ਇਸ ਮੌਕੇ ਰਾਜੇਸ਼ ਕੁਮਾਰ, ਵਿਵੇਕ ਸੂਦ, ਅਰੁਣ ਚੰਡਾਲਿਆ, ਸਤਨਾਮ ਸਿੰਘ, ਗੋਤਮ ਸ਼ਰਮਾ, ਸੰਦੀਪ ਢਿਲੋੜ, ਨਰਿੰਦਰ ਨੋਨੀ, ਜੋਨੀ ਟਾਂਕ, ਵਿੱਕੀ ਚੰਡਾਲਿਆ, ਪੰਕਜ, ਜਤਿਨ ਨਾਹਰ, ਵਿਕਾਸ ਸੂਦ, ਵਿਸ਼ਾਲ ਸੋਦੇ, ਮਨਦੀਪ ਸੋਦੇ ਤੇ ਅੰਕਿਤ ਆਦਿ ਹਾਜ਼ਰ ਸਨ |