ਇਆਲੀ/ਥਰੀਕੇ, 27 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਅੱਜ ਦੇ ਆਧੁਨਿਕ, ਤੇਜ਼ ਰਫ਼ਤਾਰ ਯੁੱਗ ਵਿਚ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਲੋਕ ਆਪਣੇ ਪ੍ਰਾਚੀਨ ਤਰੀਕਿਆਂ ਨੂੰ ਭੁੱਲ ਕੇ ਵਿਦੇਸ਼ੀ ਇਲਾਜਾਂ ਦੇ ਲਾਲਚ ਵੱਲ ਆਕਰਸ਼ਿਤ ਹੋ ਰਹੇ ਹਨ | ਆਪਣੇ ਸਰੀਰ ਨੂੰ ਮਸ਼ੀਨ ਵਾਂਗ ਵਰਤਣ ਕਰਕੇ ਭਿਆਨਕ ਬਿਮਾਰੀਆਂ ਤੋਂ ਪੀੜਤ ਹੋਣ ਤੋਂ ਬਾਅਦ ਨਿਰਾਸ਼ ਹੋ ਰਹੇ ਹਨ | ਹਾਲਾਂਕਿ, ਬਿਨਾਂ ਕਿਸੇ ਮਾੜੇ ਪ੍ਰਭਾਵਾਂ ਦੇ ਦਵਾਈਆਂ ਦੇ ਸਸਤੇ ਅਤੇ ਟਿਕਾਊ ਤਰੀਕਿਆਂ ਦੀ ਮਹੱਤਤਾ ਵਧ ਗਈ ਹੈ | ਐਕਯੂਪ੍ਰੈਸ਼ਰ, ਫਿਜ਼ੀਉਥੈਰੇਪੀ, ਸੁਜੋਕ ਕਪਿੰਗ ਥੈਰੇਪੀ, ਪੰਚਕਰਮਾ ਰਾਹੀਂ ਜੋੜਾਂ ਦੇ ਦਰਦ, ਸਰਵਾਈਕਲ ਗਠੀਆ, ਸਾਇਟਿਕਾ ਦਰਦ, ਗੋਡਿਆਂ ਦੇ ਦਰਦ, ਬੀਪੀ, ਸ਼ੂਗਰ, ਥਾਇਰਾਇਡ, ਮੋਟਾਪਾ ਅਤੇ ਚਮੜੀ ਦੇ ਰੋਗਾਂ ਦਾ ਇਲਾਜ ਸੰਭਵ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕਰਦਿਆਂ ਅਰੋਗਿਆ ਸੇਵਾ ਕੇਂਦਰ ਦੇ ਮੁਖੀ ਡਾ. ਦੀਪਕ ਗੁਪਤਾ ਨੇ ਕਿਹਾ ਕਿ ਡਾ. ਅਨੁ ਗੁਪਤਾ, ਡਾ. ਪ੍ਰਥਮ ਗੁਪਤਾ, ਡਾ. ਸਮੀਰ ਕੰਬੋਜ, ਡੀ. ਸੁਰਲ ਕੰਬੋਜ, ਡਾ. ਸੁਰੇਸ਼ ਸੇਠੀ, ਡਾ. ਨੀਰਜ ਗੋਇਲ ਦੀ ਮਦਦ ਨਾਲ ਅਰੋਗਿਆ ਸੇਵਾ ਕੇਂਦਰ ਵਲੋਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੀ ਮਦਦ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਉੱਤਰਾਖੰਡ ਵਿਚ 145 ਮੁਫ਼ਤ ਕੁਦਰਤੀ ਇਲਾਜ ਕੈਂਪ ਲਗਾਏ ਗਏ ਹਨ, ਜਿਸ ਵਿਚ ਇਲਾਜ ਕਰਨ ਵਾਲੇ ਕੁਦਰਤੀ ਤਰੀਕਿਆਂ ਨੂੰ ਸਿੱਖਣ ਤੋਂ ਬਾਅਦ ਆਪਣੇ ਇਲਾਜ ਕੇਂਦਰ ਚਲਾ ਰਹੇ ਹਨ |