ਲੁਧਿਆਣਾ, 1 ਮਈ (ਡਾ. ਤਰਲੋਚਨ ਸਿੰਘ)-ਸ਼੍ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ ਦੇ ਸਪੁੱਤਰ ਮਨਜੋਤ ਸਿੰਘ (38) ਜੋ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਅੱਜ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਭਾਜਪਾ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਟਿੱਕਾ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ | ਉਨ੍ਹਾਂ ਪਾਲੀ ਦੇਤਵਾਲੀਆ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨਜੋਤ ਸਿੰਘ ਦੇ ਭਰ ਜਵਾਨੀ ਵਿਚ ਪਰਿਵਾਰ ਨੂੰ ਵਿਛੋੜਾ ਦੇ ਜਾਣਾ ਜਿੱਥੇ ਪਰਿਵਾਰ ਲਈ ਨਾ ਸਹਿਣਯੋਗ ਹੈ, ਉਥੇ ਹੀ ਉਸ ਦੇ ਚਲੇ ਜਾਣ ਨਾਲ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਅਮਰਜੀਤ ਸਿੰਘ ਟਿੱਕਾ ਦੇ ਨਾਲ ਲੋਕ ਗਾਇਕ ਸਤਵਿੰਦਰ ਬੁੱਗਾ, ਉੱਘੇ ਕਮੇਡੀਅਨ ਕੁਲਵੰਤ ਸੇਖੋਂ, ਅਮਰਜੀਤ ਸ਼ੇਰਪੁਰੀ, ਏ.ਐਸ.ਆਈ. ਬਲਜਿੰਦਰ ਸਿੰਘ, ਹੈੱਡ ਕਾਂਸਟੇਬਲ ਚਰਨਜੀਤ ਸਿੰਘ ਅਤੇ ਪਿੰਡ ਦੇਤਵਾਲ ਦੇ ਸਰਪੰਚ, ਪੰਚ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ | ਇਸ ਮੌਕੇ ਪਾਲੀ ਦੇਤਵਾਲੀਆ ਨੇ ਦੱਸਿਆ ਕਿ ਮਨਜੋਤ ਸਿੰਘ ਨਿਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 7 ਮਈ, ਦਿਨ ਵੀਰਵਾਰ ਨੂੰ ਪਿੰਡ ਦੇਤਵਾਲ ਵਿਖੇ ਹੋਵੇਗੀ |