ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਸਵੰਤ ਇਨਕਲੇਵ 'ਚ ਲੜਕੀ ਵਲੋਂ ਵਿਆਹ ਤੋਂ ਮਨਾ ਕਰਨ 'ਤੇ ਲੜਕੇ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਲੜਕੀ ਨੂੰ ਅਗਵਾ ਕਰ ਲਿਆ ਤੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਲੜਕੀ ਦੇ ਭਰਾ ਜੋਤ ਇੰਦਰ ਸਿੰਘ ਵਾਸੀ ਜਸਵੰਤ ਇਨਕਲੇਵ ਦੀ ਸ਼ਿਕਾਇਤ 'ਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਮੋਗਾ, ਉਸ ਦੇ ਪਿਤਾ ਪ੍ਰੀਤਮ ਸਿੰਘ, ਕਰਮਜੀਤ ਸਿੰਘ ਤੇ ਹੋਰਨਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਭੈਣ ਯਸ਼ ਇੰਦਰ ਕੌਰ ਨਾਲ ਉਕਤ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਵਿਆਹ ਕਰਵਾਉਣਾ ਚਾਹੁੰਦਾ ਸੀ | ਇਹ ਦੋਵੇਂ ਪਿਛਲੇ ਕੁਝ ਸਮੇਂ ਤੋਂ ਆਪਸ ਵਿਚ ਜਾਣਕਾਰ ਸਨ, ਜਦੋਂ ਉਸ ਦੀ ਭੈਣ ਨੇ ਵਿਆਹ ਕਰਵਾਉਣ ਤੋਂ ਮਨਾ ਕੀਤਾ ਤਾਂ ਕਥਿਤ ਦੋਸ਼ੀ ਬੀਤੇ ਦਿਨ ਉਸ ਦੇ ਘਰ ਦੇ ਨੇੜੇ ਆਇਆ ਤੇ ਉਸ ਦੀ ਭੈਣ ਨੂੰ ਪਿਸਤੌਲ ਦਿਖਾ ਕੇ ਅਗਵਾ ਕਰਕੇ ਲੈ ਗਿਆ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ 'ਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਜਾਂਚ ਕਰ ਰਹੇ ਐਸ. ਐਚ. ਓ. ਦਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |