ਲੁਧਿਆਣਾ, 1 ਜੂਨ (ਡਾ. ਤਰਲੋਚਨ ਸਿੰਘ)-ਬਾਵਾ ਹਸਪਤਾਲ, ਸਿਵਲ ਲਾਈਨਜ਼ ਵਿਖੇ 'ਦ ਹਰਨੀਆਂ ਇੰਸਟੀਚਿਊਟ' ਦੀ ਰਸ਼ਮੀ ਸ਼ੁਰੂਆਤ ਕੀਤੀ ਗਈ | ਇਹ ਇੰਸਟੀਚਿਊਟ ਉੱਤਰੀ ਭਾਰਤ ਦਾ ਪਹਿਲਾ ਅਜਿਹਾ ਵਿਸ਼ੇਸ਼ ਕੇਂਦਰ ਹੈ, ਜੋ ਪੂਰੀ ਤਰ੍ਹਾਂ ਹਰਨੀਆਂ ਅਤੇ ਅਬਡੋਮੀਨਲ ਵਾਲ ਰੀਕੰਸਟਰਕਸ਼ਨ ਦੇ ਇਲਾਜ ਲਈ ਸਮਰਪਿਤ ਹੈ | ਇਸ ਸੰਬੰਧੀ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੰਸਟੀਟਿਊਟ ਦੇ ਸੰਸਥਾਪਕ ਅਤੇ ਡਾਇਰੈਕਟਰ ਡਾ. ਅਸ਼ਵਿੰਦ ਬਾਵਾ ਨੇ ਕਿਹਾ ਕਿ ਭਾਰਤ ਵਿਚ ਹਰਨੀਆਂ ਸਭ ਤੋਂ ਆਮ ਸਰਜੀਕਲ ਬਿਮਾਰੀਆਂ 'ਚੋਂ ਇਕ ਹੈ | ਪਰ ਹੁਣ ਤੱਕ ਇਸ ਲਈ ਕੋਈ ਸਮਰਪਿਤ ਕੇਂਦਰ ਨਹੀਂ ਸੀ | ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਇੰਸਟੀਚਿਊਟ ਮਰੀਜ਼ਾਂ ਦੀ ਦੇਖਭਾਲ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਵਰਤੋਂ ਕਰਨ ਵਾਲੇ ਭਾਰਤ ਦੇ ਮੋਹਰੀ ਸਰਜੀਕਲ ਕੇਂਦਰਾਂ 'ਚੋਂ ਇਕ ਹੈ | ਇਸ ਦੀ ਵਰਤੋਂ ਸਰਜਰੀ ਦੀ ਯੋਜਨਾ, ਦਸਤਾਵੇਜੀਕਰਨ, ਰਿਕਵਰੀ, ਮਨੀਟਰਿੰਗ ਅਤੇ ਲੰਬੇ ਸਮੇਂ ਦੇ ਨਤੀਜਿਆਂ ਦੇ ਵਿਸ਼ਲੇਸ਼ਣ ਲਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੇਂਦਰ ਵਿਚ ਇੰਗੂਆਈਨਲ, ਵੈਟਰਲ, ਇੰਸੀਜਨਲ, ਅੰਬਲੀਕਲ, ਹਾਇਟਲ, ਫੀਮੋਰਲ, ਰਿਕਰਨਟ, ਕੰਪਲੈਕਸ, ਪੈਡੀਐਟਰਿਕ ਅਤੇ ਸਪੋਰਟਸ ਹਰਨੀਆਂ ਸਮੇਤ ਹਰ ਕਿਸਮ ਦੇ ਹਰਨੀਆਂ ਅਤੇ ਜਟਿਲ ਐਬਡੋਮੀਨਲ ਵਾਲ ਰੀਕੰਸਟਰਕਸ਼ਨ ਦਾ ਇਲਾਜ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਰਨੀਆਂ ਜਾਗਰੂਕਤਾ ਮਹੀਨੇ ਦੇ ਦੌਰਾਨ ਜੂਨ ਵਿਚ ਮੁਫਤ ਓ.ਪੀ.ਡੀ ਜਾਂਚ ਕੈਂਪ ਲਗਾਏ ਜਾਣਗੇ ਅਤੇ ਜੂਨ ਵਿਚ ਬੁੱਕ ਹੋਣ ਵਾਲੀਆਂ ਸਾਰੀਆਂ ਹਰਨੀਆਂ ਦੀਆਂ ਸਰਜਰੀਆਂ ਤੇ 10 ਫੀਸਦੀ ਵਿਸ਼ੇਸ਼ ਛੂਟ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਦਿੱਲੀ ਐਨਸੀਆਰ ਦੇ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰੇਗਾ | ਇਸ ਮੌਕੇ ਡਾ. ਅਸ਼ਵਿੰਦ ਬਾਵਾ ਤੋਂ ਇਲਾਵਾ ਇੰਸਟੀਚਿਊਟ ਤੇ ਸਹਿ ਸੰਸਥਾਪਕ ਅਤੇ ਸਰਜੀਕਲ ਮਾਹਿਰ ਡਾ. ਅੰਕਿਤ ਮਿਸ਼ਰਾ ਅਤੇ ਡਾ. ਵਿਨਾਇਕ ਰੇਗਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |