ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਸੂਬਾ ਕਮੇਟੀ (ਮਹਿਲਾ ਵਿੰਗ) ਦੀ ਪਹਿਲੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ | ਇਹ ਮੀਟਿੰਗ ਪਾਰਟੀ ਦੀ ਮਹਿਲਾ ਵਿੰਗ ਨੂੰ ਸੰਗਠਨਾਤਮਕ ਤੌਰ 'ਤੇ ਹੋਰ ਮਜ਼ਬੂਤ ਕਰਨ, ਬੀਬੀਆਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਪੰਥਕ ਤੇ ਸਮਾਜਿਕ ਮੁੱਦਿਆਂ 'ਤੇ ਇਸਤਰੀ ਸ਼ਕਤੀ ਦੀ ਭੂਮਿਕਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ | ਮੀਟਿੰਗ ਦੀ ਅਗਵਾਈ ਸੀਨੀਅਰ ਆਗੂਆਂ ਬਾਬੂ ਸਿੰਘ ਬਰਾੜ ਅਤੇ ਕਾਬਲ ਸਿੰਘ ਵਲੋਂ ਕੀਤੀ ਗਈ ਅਤੇ ਇਸ ਮੀਟਿੰਗ ਵਿਚ ਉਚੇਚੇ ਤੌਰ 'ਤੇ ਮਨਪ੍ਰੀਤ ਸਿੰਘ ਇਯਾਲੀ ਵੀ ਪਹੁੰਚੇ | ਇਸ ਮੌਕੇ ਸੀਨੀਅਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿੱਖ ਪੰਥ, ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਮਿਸ਼ਨ ਵਿਚ ਮਹਿਲਾ ਵਿੰਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਬੀਬੀਆਂ ਨੇ ਪੰਥ ਅਤੇ ਪੰਜਾਬ ਦੇ ਹਰ ਸੰਘਰਸ਼ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿਚ ਵੀ ਉਹ ਪੰਥਕ, ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਵਿਚ ਮੋਹਰੀ ਭੂਮਿਕਾ ਨਿਭਾਉਣਗੀਆਂ | ਮੀਟਿੰਗ ਦੌਰਾਨ ਸੰਗਠਨ ਦੇ ਵਿਸਥਾਰ, ਆਉਣ ਵਾਲੇ ਪ੍ਰੋਗਰਾਮਾਂ, ਪਿੰਡ ਪੱਧਰ ਤੱਕ ਢਾਂਚੇ ਦੀ ਉਸਾਰੀ ਅਤੇ ਮਹਿਲਾ ਵਿੰਗ ਦੀਆਂ ਜ਼ਿੰਮੇਵਾਰੀਆਂ ਸੰਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਬੋਲਦਿਆਂ ਬਾਬੂ ਸਿੰਘ ਬਰਾੜ ਨੇ ਕਿਹਾ ਕਿ ਜਲਦ ਹੀ ਸਾਰੇ ਪੰਜਾਬ ਵਿਚ ਜ਼ਿਲੇ੍ਹਵਾਰ ਮੀਟਿੰਗਾਂ ਕਰਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਮੀਟਿੰਗ ਵਿਚ ਹਾਜ਼ਰ ਨਵ-ਨਿਯੁਕਤ ਅਹੁਦੇਦਾਰ ਬੀਬੀਆਂ ਨੇ ਪਾਰਟੀ ਦੀ ਵਿਚਾਰਧਾਰਾ, ਪੰਥਕ ਮੁੱਦਿਆਂ ਅਤੇ ਪੰਜਾਬ ਦੇ ਹੱਕਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਅਹਿਦ ਕੀਤਾ | ਮੀਟਿੰਗ 'ਚ ਮਹਿਲਾ ਵਿੰਗ ਦੀਆਂ ਅਹੁਦੇਦਾਰ ਬੀਬੀਆਂ ਵਿਚ ਮੁੱਖ ਤੌਰ 'ਤੇ ਸੂਬਾ ਪ੍ਰਧਾਨ ਬੀਬੀ ਹਰਪ੍ਰੀਤ ਕੌਰ, ਬੀਬੀ ਰਾਜਵੰਤ ਕੌਰ ਘੜਾਮ ਮੀਤ ਪ੍ਰਧਾਨ, ਬੀਬੀ ਅਮਨਦੀਪ ਕੌਰ ਰੰਧਾਵਾ ਮੀਤ ਪ੍ਰਧਾਨ, ਬੀਬੀ ਸਾਜੀਆ ਪ੍ਰਵੀਨ ਜਰਨਲ ਸਕੱਤਰ, ਬੀਬੀ ਹਰਪ੍ਰੀਤ ਕੌਰ ਮੋਗਾ ਜੁਆਇੰਟ ਸਕੱਤਰ, ਬੀਬੀ ਦਵਿੰਦਰ ਕੌਰ ਬਰਨਾਲਾ ਸਕੱਤਰ, ਬੀਬੀ ਮੀਤਾ ਵਰਮਾ ਸਕੱਤਰ, ਬੀਬੀ ਪਰਮਿੰਦਰ ਕੌਰ ਸਕੱਤਰ, ਬੀਬੀ ਸਰਬਜੀਤ ਕੌਰ ਕਾਰਜਕਾਰੀ ਮੈਂਬਰ, ਬੀਬੀ ਹਰਮਨਜੀਤ ਕੌਰ ਮੈਂਬਰ ਅਤੇ ਬੀਬੀ ਬਲਜਿੰਦਰ ਕੌਰ ਆਦਿ ਸ਼ਾਮਿਲ ਸਨ |