ਘਰ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ 'ਚ ਪੁੱਤਰ ਕਾਬੂ
ਅਜੀਤ ਡੈਸਕ
12-06-2026
ਲੁਧਿਆਣਾ, 11 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਿਹਰਬਾਨ ਦੀ ਪੁਲਿਸ ਨੇ ਪਿੰਡ ਸੀੜਾ ਵਿਚ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਘਰ ਦੇ ਮਾਲਕ ਦੇ ਪੁੱਤਰ ਨੂੰ ਕਾਬੂ ਕੀਤਾ ਹੈ ¢ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਬੁੱਧ ਰਾਮ ਵਾਸੀ ਪਿੰਡ ਸੀੜਾ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਉਸ ਦੇ ਪੁੱਤਰ ਲੋਕੇਸ਼ ਕੁਮਾਰ ਨੂੰ ਕਾਬੂ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਕਚਹਿਰੀ ਕੰਮਕਾਜ ਦੇ ਸਿਲਸਿਲੇ ਵਿਚ ਗਿਆ ਸੀ | ਜਦੋਂ ਉਹ ਵਾਪਸ ਆਇਆ ਤਾਂ ਉਸ ਦੇਖਿਆ ਕਿ ਉਕਤ ਕਥਿਤ ਦੋਸ਼ੀ ਨੇ ਘਰ ਦੇ ਗੇਟ ਦਾ ਤਾਲਾ ਤੋੜ ਦਿੱਤਾ ਅਤੇ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਹੈ, ਜਿਸ ਕਾਰਨ ਉਸ ਦੇ ਘਰ ਦਾ ਸਾਮਾਨ ਅਤੇ ਧਾਰਮਿਕ ਗ੍ਰੰਥ ਵੀ ਸੜ ਗਏ ਹਨ | ਉਸ ਦੱਸਿਆ ਕਿ ਅੱਗ ਕਾਰਨ ਉਸ ਦਾ 15 ਲੱਖ ਦਾ ਨੁਕਸਾਨ ਹੋ ਗਿਆ ਹੈ¢ ਵਿਵਾਦ ਦਾ ਕਾਰਨ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ ¢ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ 'ਚ ਲੋਕੇਸ਼ ਕੁਮਾਰ ਨੂੰ ਕਾਬੂ ਕਰ ਲਿਆ ਹੈ ਤੇ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ |