ਲੁਧਿਆਣਾ, 10 ਜੁਲਾਈ (ਡਾ. ਤਰਲੋਚਨ ਸਿੰਘ)-ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਾਕੋਵਾਲ ਰੋਡ ‘ਤੇ ਪੈਂਦੇ ਸੇਵਾ ਕੇਂਦਰ ਵਿਚ ਚੱਲ ਰਹੀ ਧਾਂਦਲੀ ਨੂੰ ਰੰਗੇ ਹੱਥੀਂ ਫੜਿਆ। ਇਸ ਮੌਕੇ ਉਨ੍ਹਾਂ ਕਰਮਚਾਰੀਆਂ ਨੂੰ ਤਲਖ਼ੀ ਭਰੇ ਲਹਿਜ਼ੇ ਵਿਚ ਕਿਹਾ ਕਿ ਤੁਹਾਡੀ ਬਾਹਰ ਬੈਠੇ ਦਲਾਲਾਂ ਨਾਲ ਸੈਟਿੰਗ ਹੈ, ਤੁਸੀਂ ਲੋਕਾਂ ਦੇ ਜਾਣ ਬੁਝ ਕੇ ਚੱਕਰ ਲਗਵਾਉਂਦੇ ਹੋ ਤਾਂ ਕਿ ਉਨ੍ਹਾਂ ਤੋਂ ਪੈਸੇ ਲਏ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਧੰਦਾ ਹੁਣ ਬੰਦ ਕਰ ਦਿਓ। ਇਸ ਮੌਕੇ ਵਿਧਾਇਕ ਭੋਲਾ ਗਰੇਵਾਲ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲੋਕਾਂ ਵਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਾਕੋਵਾਲ ਰੋਡ ’ਤੇ ਪੈਂਦੇ ਸੇਵਾ ਕੇਂਦਰ ਦੇ ਕਰਮਚਾਰੀ ਲੋਕਾਂ ਦੇ ਨਾਲ ਨਾ ਸਿਰਫ਼ ਬਦਸਲੂਕੀ ਕਰਦੇ ਹਨ ਬਲਕਿ ਕੰਮ ਦੇ ਬਦਲੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਦੇ ਹਨ। ਕਰਮਚਾਰੀਆਂ ਦੀ ਰਿਸ਼ਵਤ ਖੋਰੀ ਨੂੰ ਰੋਕਣ ਲਈ ਉਨ੍ਹਾਂ ਖੁਦ ਹੁਣ ਮੋਰਚਾ ਸੰਭਾਲਿਆ ਅਤੇ ਇੱਥੇ ਛਾਪਾਮਾਰੀ ਕੀਤੀ। ਅੱਜ ਜਦੋਂ ਵਿਧਾਇਕ ਭੋਲਾ ਗਰੇਵਾਲ ਸੇਵਾ ਕੇਂਦਰ ਦੇ ਅੰਦਰ ਪਹੁੰਚੇ ਤਾਂ ਉਨ੍ਹਾਂ ਕਰਮਚਾਰੀਆਂ ਦੀ ਕਾਰਜਸ਼ੈਲੀ ਦੀ ਪੋਲ ਖੋਲ੍ਹ ਦਿੱਤੀ। ਇਕ ਮਾਮਲੇ ਵਿਚ ਬੱਚੇ ਦਾ ਬਠਿੰਡਾ ਦਾ ਸਰਟੀਫਿਕੇਟ ਬਣਾਉਣਾ ਸੀ, ਨੂੰ ਸਿਕਿਉਰਿਟੀ ਗਾਰਡ ਅਤੇ ਸਟਾਫ਼ ਇਹ ਕਹਿ ਰਿਹਾ ਸੀ ਕਿ ਇਹ ਕੰਮ ਇੱਥੇ ਆਨਲਾਈਨ ਨਹੀਂ ਹੋਵੇਗਾ। ਕਰਮਚਾਰੀ ਉਸ ਨੂੰ ਗੋਲ ਮੋਲ ਜਵਾਬ ਦੇਣ ਲੱਗਿਆ ਅਤੇ ਇੱਧਰ ਉਧਰ ਦੇਖਣ ਲੱਗਾ। ਇਸ ‘ਤੇ ਵਿਧਾਇਕ ਭੋਲਾ ਗਰੇਵਾਲ ਦਾ ਗ਼ੁੱਸਾ ਸੱਤਵੇਂ ਅਸਮਾਨ ’ਤੇ ਚੜ ਗਿਆ। ਉਨ੍ਹਾਂ ਕਰਮਚਾਰੀ ਨੂੰ ਆਪਣੇ ਕੋਲ ਬੁਲਾ ਕੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਤੂੰ ਮੈਨੂੰ ਕਿਹੜੀ ਗੱਲ ਦੱਸ ਰਿਹਾ ਹੈਂ, ਇੱਧਰ ਆ ਮੇਰੇ ਨਾਲ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰ । ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਦਾ ਸਟਾਫ਼ ਜਾਣ ਬੁੱਝ ਕੇ ਲੋਕਾਂ ਨੂੰ ਬਾਹਰ ਦੁਕਾਨਾਂ ’ਤੇ ਭੇਜਦਾ ਹੈ ਜਿੱਥੇ ਉਨ੍ਹਾਂ ਦੀ ਪਹਿਲਾਂ ਤੋਂ ਹੀ ਦਲਾਲਾਂ ਨਾਲ ਸੈਟਿੰਗ ਹੈ ਤਾਂ ਕਿ ਉਹ ਭੋਲੇ ਭਾਲੇ ਲੋਕਾਂ ਤੋਂ ਪੈਸੇ ਲੁੱਟ ਸਕਣ। ਇਸ ਮੌਕੇ ਇਕ ਮਹਿਲਾ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨ ਤੋਂ ਸੇਵਾ ਕੇਂਦਰ ਦੇ ਚੱਕਰ ਕੱਟ ਰਹੀ ਹੈ। ਅੱਜ ਮੇਰਾ ਤੀਜਾ ਦਿਨ ਹੈ। ਇਹਨਾਂ ਨੇ 60 ਟੋਕਨ ਕੱਟ ਦਿੱਤੇ ਹਨ ਇਹਨਾਂ ਨੂੰ ਮੈਂ ਕਿਹਾ ਕਿ ਮੈਂ ਕਿੰਨੀ ਦੇਰ ਤੋਂ ਇੱਥੇ ਖੜੀ ਹਾਂ ਇਕ ਟੋਕਨ ਦੇ ਦੇ ਤਾਂ ਇਹ ਕਹਿੰਦਾ ਕਿ ਇਸ ਤੋਂ ਬਾਅਦ ਨਹੀਂ ਮਿਲਣਾ ਟੋਕਨ। ਵਿਧਾਇਕ ਭੋਲਾ ਗਰੇਵਾਲ ਨੇ ਕਰਮਚਾਰੀਆਂ ਨੂੰ ਕਿਹਾ ਕਿ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ ਕਿ ਘਰ ਘਰ ਜਾ ਕੇ ਲੋਕਾਂ ਦੇ ਕੰਮ ਹੋਣ ਅਤੇ ਤੁਸੀਂ ਇੱਥੇ ਲੋਕਾਂ ਨੂੰ ਧੱਕੇ ਖੁਆ ਰਹੇ ਹੋ। ਮੈਂ ਇਹ ਕੰਮ ਇੱਥੇ ਨਹੀਂ ਚੱਲਣ ਦੇਣਾ।
ਵਿਧਾਇਕ ਭੋਲਾ ਗਰੇਵਾਲ ਨੇ ਸੇਵਾ ਕੇਂਦਰ ’ਚ ਮਾਰਿਆ ਛਾਪਾ, ਰਿਸ਼ਵਤਖੋਰੀ ਵਿਰੁੱਧ ਭੜਕੇ
ਅਜੀਤ ਡੈਸਕ
11-07-2026