ਲੁਧਿਆਣਾ, 10 ਜੁਲਾਈ (ਜਤਿੰਦਰ ਭੰਬੀ)- ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੀ ਇਕ ਮੀਟਿੰਗ ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਅਤੇ ਗਗਨੀਸ਼ ਸਿੰਘ ਖੁਰਾਣਾ, ਮੁਖੀ, ਖੇਤੀਬਾੜੀ ਸੰਦ ਡਿਵੀਜ਼ਨ, ਫਿਕੋ ਦੀ ਹਾਜ਼ਰੀ ਵਿਚ ਹੋਈ। ਇਸ ਮੌਕੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵਲੋਂ ਉਦਯੋਗਿਕ ਪਲਾਟਾਂ ਦੇ ਕਰੰਟ ਰਿਜ਼ਰਵ ਪ੍ਰਾਈਸ (ਸੀ.ਆਰ.ਪੀ.) ਵਿਚ ਕੀਤੇ ਗਏ ਹਾਲੀਆ ਵਾਧੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿਚ ਉਦਯੋਗਿਕ ਪਲਾਟਾਂ ਦੇ ਰਿਜ਼ਰਵ ਰੇਟਾਂ ਵਿਚ ਕੀਤੇ ਮਨਮਾਨੇ ਵਾਧੇ ਦਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਦਯੋਗਾਂ ਨਾਲ ਸੰਬੰਧਿਤ ਸਾਰੇ ਲੰਬਿਤ ਮਸਲੇ ਹੱਲ ਹੋਣ ਤੱਕ ਇਹ ਵਧੀਆਂ ਹੋਈਆਂ ਦਰਾਂ ਤੁਰੰਤ ਵਾਪਸ ਲਈਆਂ ਜਾਣ। ਪੀ.ਐਸ.ਆਈ.ਈ.ਸੀ. ਨਾਲ ਸੰਬੰਧਿਤ ਕਈ ਮਹੱਤਵਪੂਰਨ ਮਸਲੇ ਸਾਲਾਂ ਤੋਂ ਲੰਬਿਤ ਪਏ ਹਨ। ਐਨ.ਓ.ਸੀ. ਜਾਰੀ ਨਹੀਂ ਕੀਤੀਆਂ ਗਈਆਂ, ਰੱਦ ਕੀਤੇ ਗਏ ਪਲਾਟਾਂ ਦੀ ਬਹਾਲੀ ਨਹੀਂ ਹੋਈ ਅਤੇ ਉਦਯੋਗਿਕ ਫੋਕਲ ਪੁਆਇੰਟਾਂ ਦਾ ਵਿਕਾਸ ਵੀ ਅਧੂਰਾ ਪਿਆ ਹੈ। ਇਨ੍ਹਾਂ ਕਾਰਨਾਂ ਕਰਕੇ ਉਦਯੋਗਪਤੀਆਂ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਕੋ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਦਯੋਗਾਂ ’ਤੇ ਵਾਧੂ ਆਰਥਿਕ ਬੋਝ ਪਾਉਣ ਦੀ ਬਜਾਏ ਉਦਯੋਗਿਕ ਖੇਤਰਾਂ ਦਾ ਵਿਕਾਸ ਕੀਤਾ ਜਾਵੇ, ਲੰਬਿਤ ਮਸਲਿਆਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਅਤੇ ਉਦਯੋਗ-ਪੱਖੀ ਮਾਹੌਲ ਯਕੀਨੀ ਬਣਾਇਆ ਜਾਵੇ। ਇਸ ਮੀਟਿੰਗ ਵਿਚ ਸਤਿਆ ਪਾਲ ਸੈਣੀ, ਜਸਮੀਤ ਸਿੰਘ ਅਤੇ ਸੁਰਿੰਦਰ ਪਾਲ ਸਿੰਘ, ਕਾਰਜਕਾਰੀ ਮੈਂਬਰ, ਫਿਕੋ ਵੀ ਹਾਜ਼ਰ ਸਨ।