ਚੰਡੀਗੜ੍ਹ, 10 ਮਾਰਚ (ਮਾਰਕੰਡਾ)- ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਗ੍ਰਹਿ ਸਕੱਤਰ-ਕਮ-ਸਕੱਤਰ ਸਿਹਤ ਮਨਦੀਪ ਸਿੰਘ ਬਰਾੜ ਨੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ) ਸੈਕਟਰ-32 ਚੰਡੀਗੜ੍ਹ ਟਰਾਮਾ ਸੈਂਟਰ ਦਾ ਐਮਰਜੈਂਸੀ ਦੌਰਾ ਕੀਤਾ, ਤਾਂ ਜੋ ਇਸ ਸਹੂਲਤ ਦੇ ਕੰਮਕਾਜ ਦੀ ਸਮੀਖਿਆ ਕੀਤੀ ਜਾ ਸਕੇ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਗੁਣਵੱਤਾ ਚੈੱਕ ਕੀਤੀ | ਸਕੱਤਰ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨਾਲ ਗੱਲਬਾਤ ਕਰਕੇ ਹਸਪਤਾਲ 'ਚ ਉਪਲੱਬਧ ਡਾਕਟਰੀ ਸਹੂਲਤਾਂ ਅਤੇ ਸੇਵਾਵਾਂ ਬਾਰੇ ਸਿੱਧੇ ਤੌਰ 'ਤੇ ਫੀਡਬੈਕ ਪ੍ਰਾਪਤ ਕੀਤੀ | ਇਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਅਤੇ ਡਾਕਟਰਾਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ | ਮੀਟਿੰਗ 'ਚ ਸੰਸਥਾ ਦੇ ਕੰਮਕਾਜ, ਮੌਜੂਦਾ ਚੁਣੌਤੀਆਂ ਅਤੇ ਹੋਰ ਸੁਧਾਰ ਲਈ ਸੰਭਾਵਿਤ ਉਪਾਵਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ | ਉਨ੍ਹਾਂ ਨੇ ਸੰਸਥਾ ਦੀ ਸਮੁੱਚੀ ਕੁਸ਼ਲਤਾ ਅਤੇ ਸੇਵਾ ਪ੍ਰਦਾਨ ਕਰਨ ਨੂੰ ਵਧਾਉਣ ਦੇ ਉਦੇਸ਼ ਨਾਲ ਡਾਕਟਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉਸਾਰੂ ਸੁਝਾਵਾਂ ਦਾ ਸਵਾਗਤ ਕੀਤਾ | ਸਕੱਤਰ ਨੇ ਫਾਈਲਾਂ ਦੇ ਤੇਜ਼ੀ ਨਾਲ ਨਿਪਟਾਰੇ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਸਿਹਤ ਸੰਭਾਲ ਸੇਵਾਵਾਂ ਵਿਚ ਉੱਚ ਮਿਆਰਾਂ ਨੂੰ ਬਣਾਈ ਰੱਖਣ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਮਰੀਜ਼ਾਂ ਦੀ ਦੇਖਭਾਲ ਦੀ ਗੁਣਵੱਤਾ 'ਚ ਹੋਰ ਸੁਧਾਰ ਕਰਨ ਅਤੇ ਇਕ ਪ੍ਰਮੁੱਖ ਮੈਡੀਕਲ ਸੰਸਥਾ ਵਜੋਂ ਜੀ.ਐਮ.ਸੀ.ਐਚ-32 ਦੀ ਸਾਖ ਨੂੰ ਮਜ਼ਬੂਤ ਕਰਨ ਸੁਝਾਅ ਦਿੱਤੇ |