ਪੰਜਾਬ ਪੈਨਸ਼ਨਰਾਂ ਨੂੰ ਸਰਕਾਰ ਦੇ ਫ਼ੈਸਲੇ ਦੀ ਖ਼ੱਜਲ਼ ਖ਼ੁਆਰੀ ਤੋਂ ਪ੍ਰੇਸ਼ਾਨ ਹੋਣ ਦਾ ਖ਼ਦਸ਼ਾ
ਅਜੀਤ ਡੈਸਕ
04-04-2026
ਚੰਡੀਗੜ੍ਹ, 3 ਅਪ੍ਰੈਲ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ ਪਿੱਛੇ ਜਿਹੇ ਪੈਨਸ਼ਨਰ ਨੂੰ ਐਸ.ਐਮ.ਐਸ. ਰਾਹੀਂ ਭੇਜੇ ਸੁਨੇਹਾ ਕਿ ਉਨ੍ਹਾਂ ਵਲੋਂ ਮਹੀਨਾ ਅਕਤੂਬਰ/ਨਵੰਬਰ ਵਿਚ ਬੈਂਕ ਪਾਸ ਨਿੱਜੀ ਤੌਰ 'ਤੇ ਜਮ੍ਹਾਂ ਕਰਵਾਏ ਜੀਵਨ ਪ੍ਰਮਾਣ ਸਰਟੀਫਿਕੇਟ ਨਹੀਂ ਮੰਨੇ ਜਾਣਗੇ, ਜੇਕਰ ਸੰਬੰਧਿਤ ਪੈਨਸ਼ਨਰ ਸੰਬੰਧਿਤ ਤਰੀਕ ਤੱਕ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਾਰੀ ਨਹੀਂ ਕਰਵਾਉਂਦੇ | ਸਰਕਾਰ ਦੇ ਇਸ ਫੈਸਲੇ ਤੋਂ ਜ਼ਿਆਦਾਤਰ ਪੈਨਸ਼ਨਰਜ਼, ਖਾਸ ਤੌਰ ਤੇ ਬਿਰਧ/ਬਿਮਾਰ ਸੀਨੀਅਰ ਸਿਟੀਜ਼ਨ ਤੇ ਪਰਿਵਾਰਕ ਪੈਨਸ਼ਨ ਲੈ ਰਹੇ ਪੈਨਸ਼ਨਰਜ਼ ਖੱਜਲ ਖ਼ੁਆਰ ਹੋ ਰਹੇ ਹਨ, ਕਿਉਂਕਿ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਹੈ ਕਿ ਖ਼ਜ਼ਾਨਾ ਦਫ਼ਤਰਾਂ ਵਿਚ ਅਮਲੇ ਦੀ ਘਾਟ ਹੋਣ ਕਾਰਨ ਅਜਿਹੇ ਪੈਨਸ਼ਨਰਾਂ ਨੂੰ ਅਗਲੇ ਦਿਨ ਜਾਂ ਕਿਸੇ ਹੋਰ ਮਿਤੀ ਨੂੰ ਕਾਰਵਾਈ ਮੁਕੰਮਲ ਕਰਵਾਉਣ ਲਈ ਨਿਰਦੇਸ਼ ਦੇ ਦਿੱਤੇ ਜਾਂਦੇ ਹਨ | ਜ਼ਿਆਦਾਤਰ ਪੈਨਸ਼ਨਰਾਂ ਨੂੰ ਨਾ ਤਾਂ ਵਾਈ ਫਾਈ ਸੁਵਿੱਧਾ ਉਪਲਬਧ ਹੈ ਅਤੇ ਨਾ ਹੀ ਉਨ੍ਹਾਂ ਪਾਸ ਸਮਾਰਟ ਮੋਬਾਇਲ ਫੋਨ ਹਨ, ਜਿਸ ਕਾਰਨ ਉਨ੍ਹਾਂ ਪੈਨਸ਼ਨਰਾਂ ਵਿਚ ਖਦਸ਼ਾ ਹੈ ਕਿ ਕਾਰਵਾਈ ਮੁਕੰਮਲ ਨਾ ਹੋਣ ਕਾਰਨ ਉਨ੍ਹਾਂ ਨੂੰ ਮਾਰਚ, 2026 ਦੀ ਬਣਦੀ ਪੈਨਸ਼ਨ ਦੀ ਅਦਾਇਗੀ ਨਾ ਹੋਵੇ | ਇਸ ਤੋਂ ਇਲਾਵਾ ਪੰਜਾਬ ਰਾਜ ਤੋਂ ਬਾਹਰ ਰਹਿਣ ਵਾਲੇ ਪੈਨਸ਼ਨਰ/ ਫੈਮਲੀ ਪੈਨਸ਼ਨਰਾਂ ਨੂੰ ਸਰਕਾਰ ਦੇ ਤਾਜ਼ਾ ਫੈਸਲੇ ਬਾਰੇ ਜਾਣਕਾਰੀ ਨਾ ਹੋਣ ਤੇ ਨਿਰਧਾਰਿਤ ਸੁਵਿਧਾ ਉਪਲਬਧ ਨਾ ਹੋਣ ਕਾਰਨ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ |