ਪੰਚਕੂਲਾ, 17 ਅਪ੍ਰੈਲ (ਕਪਿਲ)-ਹਰਿਆਣਾ ਦੇ ਐਫ. ਸੀ. ਆਰ. ਡਾ. ਸੁਮਿਤਾ ਮਿਸ਼ਰਾ ਵਲੋਂ ਅੱਜ ਬਰਵਾਲਾ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਤੇ ਲਿਫ਼ਟਿੰਗ ਦੀ ਸਥਿਤੀ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਨੇ ਮੰਡੀ 'ਚ ਕਿਸਾਨਾਂ ਤੇ ਆੜ੍ਹਤੀਆਂ ਲਈ ਉਪਲੱਬਧ ਸਹੂਲਤਾਂ ਦੀ ਵਿਸਥਾਰ ਸਹਿਤ ਸਮੀਖਿਆ ਕੀਤੀ | ਨਿਰੀਖਣ ਦੌਰਾਨ ਡਾ. ਸੁਮਿਤਾ ਮਿਸ਼ਰਾ ਦੇ ਨਾਲ ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਐਸ. ਡੀ. ਐਮ. ਕਾਲਕਾ ਸੰਯਮ ਗਰਗ, ਜ਼ਿਲ੍ਹਾ ਖਾਦ ਅਤੇ ਸਪਲਾਈ ਕੰਟਰੋਲਰ ਜਤਿਨ ਮਿੱਤਲ ਤੇ ਬਰਵਾਲਾ ਮੰਡੀ ਦੇ ਸਕੱਤਰ ਸੁਰਿੰਦਰ ਸਿੰਘ ਵੀ ਹਾਜ਼ਰ ਰਹੇ | ਇਸ ਮੌਕੇ ਡਾ. ਮਿਸ਼ਰਾ ਨੇ ਗੇਟ ਪਾਸ ਅਤੇ ਬਾਇਓਮੈਟਿ੍ਕ ਪ੍ਰਣਾਲੀ ਦੀ ਜਾਂਚ ਕੀਤੀ ਅਤੇ ਕਣਕ ਦੀਆਂ ਬੋਰੀਆਂ ਦਾ ਵਜ਼ਨ ਵੀ ਚੈਕ ਕੀਤਾ, ਜੋ ਕਿ ਸਹੀ ਪਾਇਆ ਗਿਆ | ਉਨ੍ਹਾਂ ਅਧਿਕਾਰੀਆਂ ਤੋਂ ਮੰਡੀ 'ਚ ਕਣਕ ਦੀ ਆਮਦ, ਖ਼ਰੀਦ ਤੇ ਲਿਫ਼ਟਿੰਗ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰਨ ਤੋਂ ਇਲਾਵਾ ਕਿਸਾਨਾਂ ਤੇ ਆੜ੍ਹਤੀਆਂ ਨਾਲ ਸਿੱਧੀ ਗੱਲਬਾਤ ਕਰਕੇ ਫੀਡਬੈਕ ਪ੍ਰਾਪਤ ਕੀਤੀ | ਇਸ ਮੌਕੇ ਡਾ. ਸੁਮਿਤਾ ਮਿਸ਼ਰਾ ਨੇ ਮੰਡੀ 'ਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਚੱਲ ਰਹੀ ਅਟਲ ਕੰਟੀਨ ਦਾ ਨਿਰੀਖਣ ਵੀ ਕੀਤਾ ਤੇ ਉਥੇ ਮਿਲਣ ਵਾਲੇ ਭੋਜਨ ਦੀ ਗੁਣਵੱਤਾ ਜਾਂਚੀ | ਉਨ੍ਹਾਂ ਆਪਣੇ ਪ੍ਰਸ਼ਾਸਕੀ ਫ਼ਰਜ਼ ਨਿਭਾਉਂਦੇ ਹੋਏ ਇਕ ਆਮ ਨਾਗਰਿਕ ਵਾਂਗ ਕੰਟੀਨ 'ਚ ਭੋਜਨ ਕੀਤਾ ਅਤੇ ਉਸ ਦਾ ਭੁਗਤਾਨ ਵੀ ਕੀਤਾ | ਉਨ੍ਹਾਂ ਨੇ ਭੋਜਨ ਦੀ ਗੁਣਵੱਤਾ ਲਈ ਕੰਟੀਨ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਵੀ ਕੀਤੀ | ਇਸ ਮੌਕੇ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਹੁਣ ਤੱਕ ਮੰਡੀ 'ਚ 1 ਲੱਖ 56 ਹਜ਼ਾਰ ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ 'ਚੋਂ 1 ਲੱਖ 27 ਹਜ਼ਾਰ ਕੁਇੰਟਲ ਕਣਕ ਦੀ ਖ਼ਰੀਦ ਤੇ 46 ਹਜ਼ਾਰ 700 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਮੰਡੀ 'ਚ ਖ਼ਰੀਦ ਅਤੇ ਲਿਫ਼ਟਿੰਗ ਦੀ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਮੰਡੀ 'ਚ ਕਿਸਾਨਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਫਿਰ ਵੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ | ਉਨ੍ਹਾਂ ਨੇ ਸਪੱਸ਼ਟ ਨਿਰਦੇਸ਼ ਦਿੱਤੇ ਕਿ ਫ਼ਸਲ ਦੀ ਖਰੀਦ ਤੋਂ 72 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਭੁਗਤਾਨ ਯਕੀਨੀ ਬਣਾਇਆ ਜਾਵੇ | ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀਆਂ ਨੂੰ ਲਿਫ਼ਟਿੰਗ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਅਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਅਗਲੇ ਹਫ਼ਤੇ ਤੱਕ ਲਿਫ਼ਟਿੰਗ 80 ਫ਼ੀਸਦੀ ਤੋਂ ਵੱਧ ਹੋ ਜਾਵੇਗਾ | ਇਸ ਤੋਂ ਬਾਅਦ ਡਾ. ਸੁਮਿਤਾ ਮਿਸ਼ਰਾ, ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਾਧੂ ਮੁੱਖ ਸਕੱਤਰ ਦਾ ਚਾਰਜ ਵੀ ਹੈ, ਨੇ ਪ੍ਰਾਇਮਰੀ ਹੈਲਥ ਸੈਂਟਰ ਬਤੌੜ ਦਾ ਅਚਨੇਤ ਨਿਰੀਖਣ ਕਰਦਿਆਂ ਉਥੇ ਮੌਜੂਦ ਮਰੀਜ਼ਾਂ ਨਾਲ ਗੱਲਬਾਤ ਕਰਕੇ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਡਾਕਟਰਾਂ ਦਾ ਹਾਜ਼ਰੀ ਰਜਿਸਟਰ ਚੈੱਕ ਕੀਤਾ ਅਤੇ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਬਾਰੇ ਵੀ ਪੁੱਛਗਿੱਛ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਹੈਲਥ ਸੈਂਟਰ 'ਚ ਚੱਲ ਰਹੀ ਫਾਰਮੇਸੀ ਦਾ ਨਿਰੀਖਣ ਕਰਦੇ ਹੋਏ ਦਵਾਈਆਂ ਦੇ ਸਟਾਕ ਦੀ ਜਾਂਚ ਵੀ ਕੀਤੀ |