ਐੱਸ. ਏ. ਐੱਸ. ਨਗਰ, 18 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਏਅਰੋਟਰੋਪੋਲਿਸ ਖੇਤਰ ਲਈ ਦਰਜਨ ਤੋਂ ਵੱਧ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਅਤੇ ਪਿੰਡ ਦੁਰਾਲੀ ਦੀ ਜ਼ਮੀਨ ਨੂੰ ਰੈੱਡ ਜ਼ੋਨ ਇੰਡਸਟਰੀ 'ਚੋਂ ਬਾਹਰ ਕਢਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਏਅਰਪੋਰਟ 'ਤੇ ਧਰਨਾ ਲਗਾਉਣ ਦੇ ਕੀਤੇ ਗਏ ਐਲਾਨ ਨੂੰ ਪੁਲਿਸ ਦੀ ਸਖ਼ਤੀ ਨੇ ਅਸਫ਼ਲ ਬਣਾ ਦਿੱਤਾ | ਪੁਲਿਸ ਨੇ ਕਿਸਾਨਾਂ ਵਲੋਂ ਧਰਨੇ ਲਈ ਲਗਾਏ ਗਏ ਟੈਂਟ ਤੇ ਕੁਰਸੀਆਂ ਵੀ ਚੁਕਵਾ ਦਿੱਤੀਆਂ | ਇਸ ਮੌਕੇ ਪੁਲਿਸ ਵਲੋਂ ਕਿਸਾਨ ਆਗੂ ਮੱਖਣ ਸਿੰਘ ਗੀਗੇਮਾਜਰਾ ਤੇ ਚਮਕੌਰ ਸਿੰਘ ਜਗਤਪੁਰਾ ਨੂੰ ਰਾਊਾਡ-ਅੱਪ ਕਰਕੇ ਏਅਰੋਸਿਟੀ ਪੁਲਿਸ ਸਟੇਸ਼ਨ ਲਿਜਾਂਦਾ ਗਿਆ ਤੇ ਬਾਅਦ 'ਚ ਛੱਡ ਦਿੱਤਾ ਗਿਆ | ਇਸ ਦੇ ਬਾਵਜੂਦ ਧਰਨੇ ਵਾਲੀ ਥਾਂ ਉੱਤੇ ਪਹੁੰਚੇ ਚਾਰ ਦਰਜਨ ਦੇ ਕਰੀਬ ਕਿਸਾਨ ਉਥੇ ਵਿਛਾਈਆਂ ਗਈਆਂ ਦਰੀਆਂ 'ਤੇ ਬੈਠ ਗਏ | ਇਸ ਮੌਕੇ ਐੱਸ. ਪੀ. ਰਮਨਦੀਪ ਸਿੰਘ, ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ, ਏਅਰੋਸਿਟੀ ਥਾਣੇ ਦੇ ਐੱਸ. ਐੱਚ. ਓ. ਅਮਨਦੀਪ ਕੰਬੋਜ, ਇੰਸਪੈਕਟਰ ਰਾਜੀਵ ਕੁਮਾਰ ਆਦਿ ਨੇ ਕਿਸਾਨਾਂ ਨੂੰ ਸਮਝਾ-ਬੁਝਾ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਮਨਾ ਲਿਆ | ਇਸ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ ਕਿਸਾਨਾਂ ਨਾਲ ਪੁਲਿਸ ਅਧਿਕਾਰੀਆਂ ਵਲੋਂ ਤਹਿਸੀਲਦਾਰ ਤੇ ਹੋਰਨਾਂ ਅਧਿਕਾਰੀਆਂ ਨਾਲ ਗੱਲਬਾਤ ਕਰਵਾਈ ਗਈ | ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਜਾਵੇ ਕਿਉਂਕਿ ਸਾਰਾ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਗਮਾਡਾ ਅਧਿਕਾਰੀਆਂ ਨਾਲ ਕਿਸਾਨਾਂ ਨਾਲ ਕੀਤੇ ਸਮਝੌਤੇ ਨੂੰ ਉਹ ਨਾ ਮਨਜ਼ੂਰ ਕਰਦੇ ਹਨ | ਉਨ੍ਹਾਂ ਕਿਹਾ ਕਿ ਉਸ ਸਮਝੌਤੇ ਵਿਚ ਛੋਟੇ ਅਤੇ ਬੇਜ਼ਮੀਨੇ ਕਿਸਾਨਾਂ ਲਈ ਕੁਝ ਵੀ ਨਹੀਂ ਹੈ ਅਤੇ ਨਾ ਹੀ ਦੁਰਾਲੀ ਦੀ ਜ਼ਮੀਨ ਸੰਬੰਧੀ ਕੋਈ ਫ਼ੈਸਲਾ ਲਿਆ ਗਿਆ ਹੈ | ਅਧਿਕਾਰੀਆਂ ਨੇ ਜਲਦੀ ਹੀ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦਿੱਤਾ | ਇਸ ਉਰਪੰਤ ਡੀ. ਸੀ. ਕੰਪਲੈਕਸ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਤੇ ਇਸ ਧੱਕੇਸ਼ਾਹੀ ਦਾ ਜਵਾਬ ਦਿੱਤਾ ਜਾਵੇਗਾ ਅਤੇ 19 ਅਪ੍ਰੈਲ ਨੂੰ ਬਾਅਦ ਦੁਪਹਿਰ 4 ਵਜੇ ਪਿੰਡ ਸਿਆਊ ਵਿਖੇ ਇਕੱਠ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ |