ਪੰਚਕੂਲਾ, 18 ਅਪ੍ਰੈਲ (ਕਪਿਲ)-ਪੰਚਕੂਲਾ ਪੁਲਿਸ ਵਲੋਂ ਅਪਰਾਧ ਤੇ ਗ਼ੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਇਕ ਅਹਿਮ ਸਫ਼ਲਤਾ ਹਾਸਿਲ ਕੀਤੀ ਗਈ ਹੈ | ਡਿਟੈਕਟਿਵ ਸਟਾਫ਼ ਪੰਚਕੂਲਾ ਦੀ ਟੀਮ ਨੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ ਗ਼ੈਰ-ਕਾਨੂੰਨੀ ਅਸਲ੍ਹੇ ਸਮੇਤ ਗਿ੍ਫਤਾਰ ਕੀਤਾ ਹੈ | ਜਾਣਕਾਰੀ ਅਨੁਸਾਰ 17 ਅਪ੍ਰੈਲ ਨੂੰ ਡਿਟੈਕਟਿਵ ਸਟਾਫ ਪੰਚਕੂਲਾ ਦੇ ਮੁੱਖ ਸਿਪਾਹੀ ਕੰਵਰਪਾਲ ਆਪਣੀ ਟੀਮ ਸਮੇਤ ਥਾਣਾ ਰਾਏਪੁਰ ਰਾਣੀ ਖੇਤਰ 'ਚ ਗਸ਼ਤ ਕਰ ਰਹੇ ਸਨ | ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮਨਦੀਪ ਕੁਮਾਰ ਵਾਸੀ ਪਿੰਡ ਬਕਰਪੁਰ (ਜ਼ਿਲ੍ਹਾ ਅੰਬਾਲਾ) ਗ਼ੈਰ-ਕਾਨੂੰਨੀ ਹਥਿਆਰ ਸਮੇਤ ਪਿੰਡ ਮਾਨਕਟਬਰਾ ਟੀ-ਪੁਆਇੰਟ ਨੇੜੇ ਖੜ੍ਹਾ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹੈ | ਇਸ ਸੂਚਨਾ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਦਿੱਤੇ ਹੁਲੀਆ ਦੇ ਆਧਾਰ 'ਤੇ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਨਾਂਅ ਨਦੀਪ ਕੁਮਾਰ (28) ਹੈ | ਉਸ ਦੀ ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ 'ਚੋਂ ਇਕ ਗ਼ੈਰ-ਕਾਨੂੰਨੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਅਤੇ ਮੁਲਜ਼ਮ ਇਸ ਸੰਬੰਧੀ ਕੋਈ ਵੀ ਲਾਇਸੰਸ ਜਾਂ ਵੈਧ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ | ਪੁਲਿਸ ਨੇ ਬਰਾਮਦ ਹਥਿਆਰ ਅਤੇ ਕਾਰਤੂਸ ਨੂੰ ਮੌਕੇ 'ਤੇ ਹੀ ਨਿਯਮਾਂ ਅਨੁਸਾਰ ਸੀਲ ਕਰਕੇ ਕਬਜ਼ੇ 'ਚ ਲਿਆ ਤੇ ਮੁਲਜ਼ਮ ਖ਼ਿਲਾਫ਼ ਥਾਣਾ ਰਾਏਪੁਰ ਰਾਣੀ 'ਚ ਆਰਮਜ਼ ਐਕਟ ਦੀ ਧਾਰਾ 25 (1ਬੀ) ਏ-54-59 ਹੇਠ ਮਾਮਲਾ ਦਰਜ ਕੀਤਾ ਗਿਆ | ਮੁੱਢਲੀ ਪੁੱਛਗਿੱਛ 'ਚ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਗ਼ੈਰ-ਕਾਨੂੰਨੀ ਪਿਸਤੌਲ ਲਗਭਗ 5-6 ਮਹੀਨੇ ਪਹਿਲਾਂ ਉਤਰ ਪ੍ਰਦੇਸ਼ ਤੋਂ ਕਰੀਬ 80,000 'ਚ ਖ਼ਰੀਦੀ ਸੀ | ਮਾਮਲੇ 'ਚ ਹਥਿਆਰ ਸਪਲਾਈਰ ਤੱਕ ਪਹੁੰਚਣ, ਨੈੱਟਵਰਕ ਦਾ ਖੁਲਾਸਾ ਕਰਨ ਤੇ ਹੋਰ ਗ਼ੈਰ-ਕਾਨੂੰਨੀ ਹਥਿਆਰਾਂ ਦੀ ਬਰਾਮਦਗੀ ਦੇ ਚਲਦਿਆਂ ਪੁਲਿਸ ਵਲੋਂ ਅਦਾਲਤ ਤੋਂ ਮੁਲਜ਼ਮ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ |