ਚੰਡੀਗੜ੍ਹ, 23 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਯੂ.ਟੀ. ਪੁਲਿਸ ਵਲੋਂ ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਮਲੋਆ ਪੁਲਿਸ ਨੇ ਇਕ ਦੋਸ਼ੀ ਨੂੰ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮਲੋਆ ਦੇ ਏ.ਐਸ.ਆਈ ਰੋਹਣ ਤਿਆਗੀ ਸਮੇਤ ਪੁਲਿਸ ਪਾਰਟੀ ਨੇ ਸੈਕਟਰ 39 ਦੀ ਜ਼ੀਰੀ ਮੰਡੀ ਨੇੜੇ ਜੰਗਲਾਤੀ ਇਲਾਕੇ 'ਚ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ | ਤਲਾਸ਼ੀ ਦੌਰਾਨ ਉਸ ਕੋਲੋਂ 8.40 ਗ੍ਰਾਮ ਹੈਰੋਇਨ (ਚਿੱਟਾ) ਅਤੇ 9.80 ਗ੍ਰਾਮ ਕਿ੍ਸਟਲ ਮੈਥ (ਆਈਸ) ਬਰਾਮਦ ਹੋਈ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ | ਗਿ੍ਫ਼ਤਾਰ ਕੀਤੇ ਗਏ ਦੋਸ਼ੀ ਦੀ ਪਹਿਚਾਣ ਚੰਡੀਗੜ੍ਹ ਦੇ ਸੈਕਟਰ 56 ਵਾਸੀ ਅਨੂਪ (34) ਵਜੋਂ ਹੋਈ ਹੈ | ਇਸ ਸੰਬੰਧੀ ਥਾਣਾ ਮਲੋਆ 'ਚ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21 ਅਤੇ 22 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਪੁੱਛਗਿੱਛ ਦੌਰਾਨ ਨਸ਼ਾ ਸਪਲਾਈ ਚੇਨ ਬਾਰੇ ਹੋਰ ਜਾਣਕਾਰੀ ਮਿਲ ਸਕੇ |