ਚੰਡੀਗੜ੍ਹ, 23 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਦੇ ਸੈਕਟਰ 24 ਇਲਾਕੇ ਦੀਆਂ ਜਨ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਮੇਅਰ ਸੌਰਭ ਜੋਸ਼ੀ ਨੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ | ਸਮਾਗਮ 'ਚ ਨਿਗਮ ਦੇ ਸੀਨੀਅਰ ਅਧਿਕਾਰੀ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀ ਮੌਜੂਦ ਰਹੇ | ਇਸ ਮੌਕੇ ਲਗਭਗ 1.65 ਕਰੋੜ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ | ਮੇਅਰ ਸੌਰਭ ਜੋਸ਼ੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਕੰਮਾਂ 'ਚ ਐਸ.ਸੀ.ਓ ਅਤੇ ਬੂਥ ਮਾਰਕੀਟਾਂ ਦੇ ਫ਼ਰਸ਼ ਦਾ ਨਵੀਨੀਕਰਨ, ਪੁਰਾਣੇ ਸਰਕਾਰੀ ਟਾਇਲਟ ਬਲਾਕ ਦੀ ਮੁੜ ਤਿਆਰੀ, ਵਾਰਡ ਨੰਬਰ-12 ਵਿਚ ਸੀਵਰੇਜ ਪ੍ਰਣਾਲੀ ਦੀ ਮਜ਼ਬੂਤੀ ਅਤੇ ਮਹੱਤਵਪੂਰਨ ਸਥਾਨਾਂ 'ਤੇ ਸਟੇਨਲੈੱਸ ਸਟੀਲ ਦੇ ਘਰ ਨੰਬਰ ਬੋਰਡ ਲਗਾਉਣ ਸ਼ਾਮਲ ਹਨ | ਇਸ ਤੋਂ ਇਲਾਵਾ ਸੈਕਟਰ-24 ਏ ਅਤੇ ਡੀ 'ਚ ਜੌਗਿੰਗ ਟਰੈਕ ਤਿਆਰ ਕਰਨ ਦੀ ਯੋਜਨਾ ਵੀ ਸ਼ਾਮਲ ਹੈ, ਜਿਸ ਨਾਲ ਇਲਾਕਾ ਵਾਸੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹ ਮਿਲੇਗਾ ਅਤੇ ਸਵੇਰੇ-ਸ਼ਾਮ ਟਹਿਲਣ ਲਈ ਵਧੀਆ ਸਹੂਲਤ ਉਪਲਬਧ ਹੋਵੇਗੀ | ਇਸ ਮੌਕੇ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਖ਼ਾਸ ਤੌਰ 'ਤੇ ਮਾਰਕੀਟਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਬੁਨਿਆਦੀ ਸਹੂਲਤਾਂ ਨੂੰ ਸੁਧਾਰਨਾ ਨਿਗਮ ਦੀ ਪਹਿਲ ਹੈ |