ਚੰਡੀਗੜ੍ਹ, 23 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਪੁਲਿਸ ਨੇ ਇਕ ਨੌਜਵਾਨ ਨੂੰ ਹਥਿਆਰਾਂ ਸਮੇਤ ਗਿ੍ਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਨੇ ਗਸ਼ਤ ਦੌਰਾਨ ਕਾਬੂ ਕੀਤੇ ਗਏ ਮੁਲਜ਼ਮ ਕੋਲੋਂ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਇਹ ਕਾਰਵਾਈ ਥਾਣਾ ਸੈਕਟਰ 39 ਦੇ ਐਸ.ਐਚ.ਓ ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ | ਗਿ੍ਫ਼ਤਾਰ ਮੁਲਜ਼ਮ ਦੀ ਪਹਿਚਾਣ ਚੰਡੀਗੜ੍ਹ ਦੇ ਡੱਡੂਮਾਜਰਾ ਕਾਲੋਨੀ ਨਿਵਾਸੀ ਮਯੰਕ ਉਰਫ਼ ਮੰਕੂ ਮਜਰੀਆ (19) ਵਜੋਂ ਹੋਈ ਹੈ | ਉਸ ਖ਼ਿਲਾਫ਼ ਥਾਣਾ ਸੈਕਟਰ-39 ਵਿਚ ਆਰਮਜ਼ ਐਕਟ ਦੀ ਧਾਰਾ 25, 54, 59 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਐੱਸ.ਆਈ ਰਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ | ਗਸ਼ਤ ਦੌਰਾਨ ਸੈਕਟਰ 38-ਡੀ ਦੇ ਡੋਗਰਾ ਰੈਸਟੋਰੈਂਟ ਨੇੜੇ ਸ਼ੱਕ ਦੇ ਅਧਾਰ 'ਤੇ ਨੌਜਵਾਨ ਨੂੰ ਰੋਕਿਆ ਗਿਆ | ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਦੇਸੀ ਕੱਟਾ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ | ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗਿ੍ਫ਼ਤਾਰ ਦੋਸ਼ੀ ਮਯੰਕ ਪਹਿਲਾਂ ਵੀ ਗੰਭੀਰ ਅਪਰਾਧਿਕ ਮਾਮਲੇ 'ਚ ਸ਼ਾਮਲ ਰਹਿ ਚੁੱਕਾ ਹੈ | ਉਸ ਖ਼ਿਲਾਫ਼ ਥਾਣਾ ਸੈਕਟਰ-11 ਵਿਖੇ ਕਤਲ ਦੀ ਕੋਸ਼ਿਸ਼ ਤਹਿਤ ਐਫ.ਆਈ.ਆਰ ਦਰਜ ਹੈ ਅਤੇ ਉਹ ਇਸ ਵੇਲੇ ਅਦਾਲਤ 'ਚ ਟਰਾਇਲ ਹੇਠ ਹੈ | ਗਿ੍ਫ਼ਤਾਰੀ ਤੋਂ ਬਾਅਦ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ |