ਲਾਲੜੂ, 25 ਅਪ੍ਰੈਲ (ਰਾਜਬੀਰ ਸਿੰਘ)-ਪੰਜਾਬ ਸਰਕਾਰ ਦੇ ਆਖਰੀ ਵਰ੍ਹੇ ਦੌਰਾਨ ਬਿਜਲੀ ਦੀ ਸਪਲਾਈ ਨੇ ਆਮ ਲੋਕਾਂ ਅੰਦਰ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ | ਬਿਜਲੀ ਦੀ ਸਪਲਾਈ ਬੰਦ ਹੋਣ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦਾ ਦਿਨ ਰਾਤ ਦੇ 11 ਵਜੇ ਹੀ ਚੜ੍ਹ ਜਾਂਦਾ ਹੈ | ਗਲੀਆਂ-ਮੁਹੱਲਿਆਂ ਤੇ ਪਿੰਡਾਂ ਦੇ ਲੋਕ ਬੱਚਿਆਂ ਸਮੇਤ ਆਪਣੇ ਘਰਾਂ ਦੀਆਂ ਛੱਤਾਂ 'ਤੇ ਬੈਠ ਕੇ ਮੱਛਰਾਂ ਦੀ ਭੀਂ-ਭੀਂ ਸੁਣਨ ਲਈ ਮਜ਼ਬੂਰ ਹਨ | ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਕੱਟ ਹੀ ਇੰਨੇ ਹਨ ਕਿ ਇਨਵਰਟਰ ਵੀ ਪੂਰੀ ਤਰ੍ਹਾਂ ਚਾਰਜ ਨਹੀਂ ਹੋ ਪਾਉਂਦੇ ਤੇ ਮਸਾਂ ਹੀ 1 ਘੰਟਾ ਚਲਦੇ ਹਨ | ਉਸ ਤੋਂ ਬਾਅਦ ਇਨਵਰਟਰ ਦੀਆਂ ਸੀਟੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ | ਸਥਾਨਕ ਵਸਨੀਕ ਕਾਮਰੇਡ ਲਾਭ ਸਿੰਘ, ਕੌਲ ਸਿੰਘ, ਨੰਦ ਕਿਸ਼ੋਰ, ਚੰਦਰਪਾਲ ਤੇ ਬਲਜੀਤ ਸਿੰਘ ਆਦਿ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਦੇ ਦਿਨ ਵੇਲੇ ਤਾਂ ਕੱਟ ਲੱਗਦੇ ਹੀ ਹਨ, ਪਰ ਰਾਤ ਵੇਲੇ ਵੱਡੇ-ਵੱਡੇ ਕੱਟਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਦਿਨ ਵੇਲੇ ਕੰਮਾਂ ਕਾਰਾਂ ਵਾਲਿਆਂ ਨੂੰ ਦਿੱਕਤ ਆਉਂਦੀ ਹੈ, ਉਥੇ ਹੀ ਸ਼ਾਮ ਵੇਲੇ ਪਸ਼ੂਆਂ ਦੇ ਚਾਰੇ ਦਾ ਟੋਕਾ ਕਰਨ ਲਈ ਲੋਕਾਂ ਨੂੰ ਇੰਜਣ ਵਾਲੀਆਂ ਮਸ਼ੀਨਾਂ 'ਤੇ ਪੱਠੇ ਲਿਜਾ ਕੇ ਟੋਕਾ ਕਰਨਾ ਪੈ ਰਿਹਾ ਹੈ, ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ | ਉਧਰ ਲੋਕਾਂ ਦਾ ਕਹਿਣਾ ਹੈ ਕਿ ਰਾਤ ਵੇਲੇ ਲੱਗਦੇ ਕੱਟਾਂ ਕਾਰਨ ਬੱਚੇ ਚੰਗੀ ਤਰ੍ਹਾਂ ਨਾਲ ਨੀਂਦ ਵੀ ਪੂਰੀ ਨਹੀਂ ਕਰ ਪਾਉਂਦੇ, ਜਿਸ ਕਾਰਨ ਉਹ ਸਵੇਰੇ ਸਕੂਲ ਵੀ ਨਹੀਂ ਜਾ ਪਾਉਂਦੇ ਅਤੇ ਸਕੂਲਾਂ 'ਚ ਬੱਚਿਆਂ ਦੀ ਹਾਜ਼ਰੀ ਵੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਦਾ ਇਹੀ ਹਾਲ ਰਿਹਾ ਤਾਂ ਉਨ੍ਹਾਂ ਦੇ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਸਕਦੇ ਹਨ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਨੂੰ ਠੀਕ ਕੀਤਾ ਜਾਵੇ ਤਾਂ ਘੱਟੋ-ਘੱਟ ਰਾਤ ਵੇਲੇ ਤਾਂ ਉਹ ਸੁੱਖ ਦੀ ਨੀਂਦ ਸੌਂ ਸਕਣ | ਇਸ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਐਸ. ਡੀ. ਓ. ਦਵਿੰਦਰ ਕੁਮਾਰ ਨੇ ਕਿਹਾ ਕਿ ਸਟੇਟ ਲੋਡ ਡਿਸਪੈਚ ਸੈਂਟਰ (ਐਸ. ਐਲ. ਡੀ. ਸੀ.) ਪਟਿਆਲਾ ਪੂਰੇ ਪੰਜਾਬ 'ਚ ਲੋਡ ਨੂੰ ਕੰਟਰੋਲ ਕਰਦਾ ਹੈ | ਉਨ੍ਹਾਂ ਵਲੋਂ ਪੂਰਾ ਪੰਜਾਬ ਬਲੈਕ ਆਊਟ ਨਾ ਹੋਵੇ, ਇਸ ਲਈ ਲੋਡ ਨੂੰ ਸੰਤੁਲਿਤ ਕਰਨ ਲਈ ਪੂਰੇ ਪੰਜਾਬ 'ਚ ਵੱਖ-ਵੱਖ ਸਮੇਂ 'ਤੇ ਪਾਵਰ ਕੱਟ ਲਗਾਏ ਜਾ ਰਹੇ ਹਨ |