ਡੇਰਾਬੱਸੀ, 25 ਅਪ੍ਰੈਲ (ਗੁਰਮੀਤ ਸਿੰਘ)-ਡੇਰਾਬੱਸੀ ਵਿਧਾਨ ਸਭਾ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਪਾਰਟੀ ਦੀ ਸਾਬਕਾ ਹਲਕਾ ਕੋਆਰਡੀਨੇਟਰ ਰਾਣੀ ਸੋਹਲ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਈ | ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਰਾਣੀ ਸੋਹਲ ਦਾ ਸਿਰੋਪਾਓ ਪਾ ਕੇ ਪਾਰਟੀ 'ਚ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਔਰਤਾਂ ਦਾ ਸਤਿਕਾਰ ਕੀਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਨੇ ਸਾਲ 2022 'ਚ ਔਰਤਾਂ ਨੂੰ 1 ਹਜ਼ਾਰ ਰੁ. ਮਹੀਨਾ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਪਰ ਇਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਅਤੇ ਹੁਣ ਜਦੋਂ ਪੰਜਾਬ 'ਚ 'ਆਪ' ਸਰਕਾਰ ਕੋਲ ਬਹੁਤ ਘੱਟ ਸਮਾਂ ਬਚਿਆ ਹੈ ਤਾਂ ਔਰਤਾਂ ਦੇ ਫਾਰਮ ਭਰ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਫਾਰਮ ਭਰਨ ਦੇ ਨਾਂਅ 'ਤੇ ਵੀ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ | ਇਹ ਫਾਰਮ ਸਿਰਫ਼ 9 ਵਿਧਾਨ ਸਭਾ ਹਲਕਿਆਂ 'ਚ ਭਰੇ ਗਏ ਹਨ, ਜਦਕਿ 108 ਵਿਧਾਨ ਸਭਾ ਹਲਕਿਆਂ ਦੀਆਂ ਔਰਤਾਂ ਅਜੇ ਵੀ ਸਰਕਾਰ ਵਲੋਂ ਐਲਾਨੇ ਗਏ ਮਹੀਨਾਵਾਰ ਭੱਤੇ ਦੀ ਉਡੀਕ 'ਚ ਹਨ | ਇਸੇ ਦੌਰਾਨ ਸਾਬਕਾ ਵਿਧਾਇਕ ਸ਼ਰਮਾ ਨੇ ਰਾਣੀ ਸੋਹਲ ਨੂੰ ਜ਼ਿਲ੍ਹਾ ਮੁਹਾਲੀ ਦੇ ਇਸਤਰੀ ਅਕਾਲੀ ਦਲ ਦੀ ਉਪ-ਪ੍ਰਧਾਨ ਵੀ ਨਿਯੁਕਤ ਕੀਤਾ | ਇਸ ਮੌਕੇ ਅਕਾਲੀ ਆਗੂ ਡਾ. ਕਿ੍ਸ਼ਨਾ ਅਤੇ ਜਸਵਿੰਦਰ ਸਿੰਘ ਸਮੇਤ ਕਈ ਹੋਰ ਪਤਵੰਤੇ ਵੀ ਸਨ |