ਡੇਰਾਬੱਸੀ, 1 ਮਈ (ਗੁਰਮੀਤ ਸਿੰਘ)-ਨਾੜ ਨੂੰ ਅੱਗ ਨਾ ਲਗਾਉਣ ਦੇ ਸਰਕਾਰੀ ਹੁਕਮਾਂ ਦੀ ਡੇਰਾਬੱਸੀ ਖੇਤਰ 'ਚ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਸ਼ਾਮ ਦੇ ਕਰੀਬ 7 ਵਜੇ ਡੇਰਾਬੱਸੀ ਤੋਂ ਬੇਹੜਾ ਨੂੰ ਜਾਂਦੀ ਸੜਕ 'ਤੇ ਖੇਤਾਂ 'ਚ ਅੱਗ ਲਗਾ ਕੇ ਵਾਤਾਵਰਣ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ | ਅਜਿਹੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜਾਰੀ 'ਤੇ ਵੀ ਸਵਾਲੀਆ ਚਿੰਨ ਲੱਗਦਾ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੜਕ ਕਿਨਾਰੇ ਅੱਗ ਬਹੁਤ ਦੂਰ ਤੱਕ ਫੈਲੀ ਹੋਈ ਸੀ ਅਤੇ ਧੂੰਏਾ ਕਰਕੇ ਸੜਕ ਤੋਂ ਨਿਕਲਦੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਧੂੰਏਾ ਕਰਕੇ ਰਾਹ ਦਿਖਾਈ ਨਹੀਂ ਦੇ ਰਿਹਾ ਸੀ, ਜਿਥੇ ਅੱਗ ਲਗਾਈ ਗਈ ਸੀ, ਉਸ ਦੇ ਬਿਲਕੁਲ ਸਾਹਮਣੇ ਪਾਇਨੀਅਰ ਪੈਸਟੀਸਾਈਡ ਫੈਕਟਰੀ ਵੀ ਮੌਜੂਦ ਹੈ | ਲੋਕਾਂ ਨੇ ਕਿਹਾ ਕਿ ਸਰਕਾਰ ਅਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਅਜਿਹਾ ਨਾ ਕਰਨ ਦੇ ਜਾਗਰੂਕ ਕੈਂਪ ਲਗਾ ਕੇ ਜਾਗਰੂਕ ਕਰ ਰਹੀ ਹੈ | ਪੰਜਾਬ ਸਰਕਾਰ ਨੇ ਨਾੜ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖਤ ਕਰਵਾਈ ਕਰਨ ਦੇ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਹੋਏ ਹਨ, ਪਰ ਇਸ ਦੇ ਬਾਵਜੂਦ ਡੇਰਾਬੱਸੀ ਖੇਤਰ ਵਿਚ ਸਰਕਾਰੀ ਹੁਕਮਾਂ ਨੂੰ ਅਣਗੌਲਿਆ ਕਰਦਿਆਂ ਕਈ ਕਿਸਾਨਾਂ ਵਲੋਂ ਨਾੜ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ | ਖੇਤਾਂ 'ਚ ਨਾੜ ਨੂੰ ਸ਼ਰੇ੍ਹਆਮ ਲਗਾਈ ਜਾ ਰਹੀ ਅੱਗ ਕਰਕੇ ਚਾਰੇ ਪਾਸੇ ਧੂੰਆਂ ਫੈਲਣ ਦੇ ਬਾਵਜੂਦ ਡੇਰਾਬੱਸੀ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਇਕ-ਦੂਜੇ ਦੀ ਦੇਖਾ-ਦੇਖੀ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ | ਅੱਜ ਮੁੜ ਡੇਰਾਬੱਸੀ ਗੁਲਾਬਗੜ੍ਹ ਤੋਂ ਪਿੰਡ ਬੇਹੜਾ ਨੂੰ ਜਾਣ ਵਾਲੀ ਸੜਕ 'ਤੇ ਇਕ ਕਿਸਾਨ ਵਲੋਂ ਖੇਤਾਂ 'ਚ ਨਾੜ ਨੂੰ ਅੱਗ ਲਗਾਈ ਗਈ ਸੀ |