ਡੇਰਾਬੱਸੀ, 1 ਮਈ (ਰਣਬੀਰ ਸਿੰਘ ਪੜ੍ਹੀ)-ਮਨੁੱਖਤਾ ਦੀ ਸੇਵਾ ਅਤੇ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਅੱਜ ਡੇਰਾਬੱਸੀ ਦੇ ਸ੍ਰੀ ਰਾਮ ਮੰਦਰ ਵਿਖੇ ਵਿਸ਼ਾਲ ਕੈਂਸਰ ਸਕ੍ਰੀਨਿੰਗ ਕੈਂਪ ਲਗਾਇਆ ਗਿਆ | ਇਹ ਕੈਂਪ ਵਿਸ਼ਵ ਕੈਂਸਰ ਕੇਅਰ ਚੈਰੀਟੇਬਲ ਕਮੇਟੀ ਜਲੰਧਰ ਦੇ ਡਾ. ਧਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਾਲੀ ਮਾਹਿਰ ਟੀਮ ਵਲੋਂ ਲਗਾਇਆ ਗਿਆ | ਇਸ ਨੇਕ ਕਾਰਜ ਵਿਚ ਭਾਰਤ ਵਿਕਾਸ ਪ੍ਰੀਸ਼ਦ (ਵਿਵੇਕਾਨੰਦ ਸ਼ਾਖਾ), ਏਕਤਾ ਸਿੱਖਿਆ ਸੇਵਾ ਸੁਸਾਇਟੀ ਅਤੇ ਪ੍ਰੀਤਮ ਸਿੰਘ ਟਿਊਬਵੈੱਲ ਇੰਜੀਨੀਅਰਿੰਗ ਕੰਪਨੀ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਕੈਂਪ ਦੌਰਾਨ ਕੁੱਲ 316 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ | ਇਸ ਮੌਕੇ ਮਾਹਿਰਾਂ ਵਲੋਂ ਮੁੱਖ ਤੌਰ 'ਤੇ ਮੂੰਹ ਦੇ ਕੈਂਸਰ ਦੀ ਜਾਂਚ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ, ਅੱਖਾਂ ਤੇ ਹੱਡੀਆਂ ਦੇ ਟੈਸਟ, ਖ਼ੂਨ ਦੇ ਟੈਸਟ ਕਰਨ ਤੋਂ ਇਲਾਵਾ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਦੇ ਪ੍ਰਧਾਨ ਨਿਤਿਨ ਜਿੰਦਲ ਅਤੇ ਬਰਖਾ ਰਾਮ ਨੇ ਦੱਸਿਆ ਕਿ ਸਾਰੇ ਟੈਸਟਾਂ ਦੀਆਂ ਰਿਪੋਰਟਾਂ 15 ਦਿਨਾਂ ਬਾਅਦ ਮਰੀਜ਼ਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ | ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਕਿਸੇ ਮਰੀਜ਼ 'ਚ ਕੈਂਸਰ ਦੇ ਲੱਛਣ ਜਾਂ ਕੋਈ ਹੋਰ ਗੰਭੀਰ ਸਮੱਸਿਆ ਪਾਈ ਜਾਂਦੀ ਹੈ ਤਾਂ ਸੰਸਥਾ ਵਲੋਂ ਉਸ ਦੇ ਇਲਾਜ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਸੋਮਨਾਥ ਸ਼ਰਮਾ, ਉਪੇਸ਼ ਬਾਂਸਲ, ਅਸ਼ਵਨੀ ਸ਼ਰਮਾ, ਰਵਿੰਦਰ ਵੈਸ਼ਨਵ, ਏ. ਕੇ. ਤਿਆਗੀ, ਡਾ. ਸਾਧਨਾ ਸੈਂਗਰ ਅਤੇ ਪ੍ਰੀਤਮ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |