ਜ਼ੀਰਕਪੁਰ, 2 ਮਈ (ਹੈਪੀ ਪੰਡਵਾਲਾ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਅੱਜ ਨਗਰ ਕੌਂਸਲ ਦਫ਼ਤਰ ਵਿਖੇ ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ ਦੀ ਮੌਜੂਦਗੀ 'ਚ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ 'ਚ ਇਲਾਕੇ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਅਤੇ ਬਿਜਲੀ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਵਿਧਾਇਕ ਰੰਧਾਵਾ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਬੇਵਜ੍ਹਾ ਕਿਸੇ ਵੀ ਤਰ੍ਹਾਂ ਦੇ ਬਿਜਲੀ ਦੇ ਕੱਟ ਨਾ ਲਗਾਏ ਜਾਣ ਅਤੇ ਲੋਕਾਂ ਨੂੰ ਬਿਨਾਂ ਕਾਰਨ ਪ੍ਰੇਸ਼ਾਨ ਨਾ ਕੀਤਾ ਜਾਵੇ | ਉਨ੍ਹਾਂ ਚੱਲ ਰਹੇ ਬਿਜਲੀ ਸੁਧਾਰ ਦੇ ਕੰਮਾਂ ਨੂੰ ਜਲਦ ਮੁਕੰਮਲ ਕਰਨ ਲਈ ਵੀ ਕਿਹਾ | ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਵੱਖ-ਵੱਖ ਖੇਤਰਾਂ 'ਚ ਪਾਵਰਕਾਮ ਦੇ ਉਪ ਮੰਡਲ ਦਫ਼ਤਰ ਕਾਇਮ ਕੀਤੇ ਜਾਣ ਤਾਂ ਜੋ ਲੋਕਾਂ ਤੱਕ ਸੇਵਾਵਾਂ ਦੀ ਪਹੁੰਚ ਹੋਰ ਸੌਖੀ ਬਣ ਸਕੇ | ਮੀਟਿੰਗ 'ਚ ਨਗਰ ਕੌਂਸਲ ਦੇ ਅਧਿਕਾਰੀ, ਲਾਲੜੂ, ਡੇਰਾਬੱਸੀ ਤੇ ਜ਼ੀਰਕਪੁਰ ਦੇ ਕਾਰਜਕਾਰੀ ਇੰਜ. ਵੀ ਹਾਜ਼ਰ ਸਨ | ਵਿਧਾਇਕ ਰੰਧਾਵਾ ਨੇ ਸਾਰੇ ਸੰਬੰਧਿਤ ਅਧਿਕਾਰੀਆਂ ਲਈ ਹਲਕੇ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਉਣ ਲਈ ਹਦਾਇਤ ਦਿੱਤੀ | ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ |