ਡੇਰਾਬੱਸੀ, 3 ਮਈ (ਰਣਬੀਰ ਸਿੰਘ ਪੜ੍ਹੀ)- ਸਥਾਨਕ ਸਰਕਾਰੀ ਹਸਪਤਾਲ 'ਚ ਪਿਛਲੇ ਦੋ ਮਹੀਨਿਆਂ ਤੋਂ ਜ਼ੇਰੇ ਇਲਾਜ ਇਕ 20 ਸਾਲਾ ਲਾਵਾਰਿਸ ਨੌਜਵਾਨ ਨੂੰ ਸਮਾਜ ਸੇਵੀ ਸੋਨੂੰ ਸੇਠੀ ਤੇ ਉਨ੍ਹਾਂ ਦੀ ਟੀਮ ਵਲੋਂ ਕਰਨਾਲ ਸਥਿਤ 'ਆਪਣਾ ਆਸ਼ਿਆਨਾ' ਆਸ਼ਰਮ 'ਚ ਸੁਰੱਖਿਅਤ ਪਹੁੰਚਾਇਆ ਗਿਆ ਹੈ | ਇਹ ਕਦਮ ਡੇਰਾਬੱਸੀ ਦੇ ਐਸ. ਐਮ. ਓ. ਡਾ. ਧਰਮਿੰਦਰ ਸਿੰਘ ਦੀ ਵਿਸ਼ੇਸ਼ ਬੇਨਤੀ 'ਤੇ ਚੁੱਕਿਆ ਗਿਆ | ਐੱਸ. ਐੱਮ. ਓ. ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਪੈਰ ਦਾ ਫਰੈਕਚਰ ਹੁਣ ਠੀਕ ਹੋ ਚੁੱਕਾ ਹੈ ਪਰ ਉਹ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਨਾ ਹੋਣ ਕਾਰਨ ਚੱਲਣ-ਫਿਰਨ ਤੇ ਗੱਲਬਾਤ ਕਰਨ 'ਚ ਅਸਮਰੱਥ ਹੈ | ਹਸਪਤਾਲ 'ਚ ਉਸ ਦੀ ਲੰਬੇ ਸਮੇਂ ਤੱਕ ਦੇਖਭਾਲ ਕਰਨੀ ਮੁਸ਼ਕਲ ਹੋ ਰਹੀ ਸੀ | ਨੌਜਵਾਨ ਸਿਰਫ਼ ਆਪਣਾ ਨਾਂਅ 'ਭੋਲਾ' ਦੱਸਦਾ ਹੈ ਪਰ ਆਪਣੇ ਪਰਿਵਾਰ ਜਾਂ ਪਿਛੋਕੜ ਬਾਰੇ ਉਸ ਨੂੰ ਕੁਝ ਵੀ ਯਾਦ ਨਹੀਂ ਹੈ | ਸਮਾਜ ਸੇਵੀ ਸੋਨੂੰ ਸੇਠੀ, ਜੋ ਕਿ ਪਿਛਲੇ ਦੋ ਦਹਾਕਿਆਂ ਤੋਂ ਆਪਣੀਆਂ ਚਾਰ ਨਿੱਜੀ ਐਂਬੂਲੈਂਸਾਂ ਰਾਹੀਂ ਇਲਾਕੇ 'ਚ ਮੁਫ਼ਤ ਸੇਵਾਵਾਂ ਦੇ ਰਹੇ ਹਨ, ਆਪਣੀ ਟੀਮ ਸਮੇਤ ਨੌਜਵਾਨ ਨੂੰ ਲੈ ਕੇ ਕਰਨਾਲ ਲਈ ਰਵਾਨਾ ਹੋਏ | ਰਸਤੇ 'ਚ ਕਈ ਤਕਨੀਕੀ ਦਿੱਕਤਾਂ ਆਉਣ ਦੇ ਬਾਵਜੂਦ ਟੀਮ ਨੇ ਦਿ੍ੜ ਇਰਾਦੇ ਨਾਲ ਨੌਜਵਾਨ ਨੂੰ ਆਸ਼ਰਮ ਪਹੁੰਚਾ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ | ਜ਼ਿਕਰਯੋਗ ਹੈ ਕਿ ਸੋਨੂੰ ਸੇਠੀ ਹੁਣ ਤੱਕ ਸੈਂਕੜੇ ਬੇਸਹਾਰਾ ਲੋਕਾਂ ਨੂੰ ਸੁਰੱਖਿਅਤ ਠਿਕਾਣਿਆਂ 'ਤੇ ਪਹੁੰਚਾ ਚੁੱਕੇ ਹਨ | ਨੌਜਵਾਨ ਨੂੰ ਰਵਾਨਾ ਕਰਨ ਮੌਕੇ ਸਮਾਜ ਸੇਵੀ ਪਵਨ ਧੀਮਾਨ (ਪੰਮਾ), ਹਰਿੰਦਰ ਹਨੀ, ਲੱਕੀ ਮਖੀਜਾ, ਅਨਿਲ ਸ਼ਰਮਾ ਤੇ ਜਤਿੰਦਰ ਸਿੰਘ ਵੀ ਮੌਜੂਦ ਸਨ | ਇਲਾਕਾ ਨਿਵਾਸੀਆਂ ਨੇ ਹਸਪਤਾਲ ਪ੍ਰਸ਼ਾਸਨ ਤੇ ਸਮਾਜ ਸੇਵੀ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ |