ਚੰਡੀਗੜ੍ਹ, 4 ਮਈ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-1 ਸਥਿਤ ਹਰਿਆਣਾ ਸਿਵਲ ਸਕੱਤਰੇਤ ਵਿਚ ਇਕ ਅਧਿਕਾਰੀ ਵਲੋਂ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਬਲਵੰਤ ਸਿੰਘ (46) ਵਾਸੀ ਪੰਚਕੂਲਾ ਵਜੋਂ ਹੋਈ ਹੈ, ਜੋ ਕਿ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਟਿਡ 'ਚ ਅਕਾਊਾਟ ਅਫ਼ਸਰ ਦੇ ਤੌਰ 'ਤੇ ਤਾਇਨਾਤ ਸੀ ਤੇ ਝੱਜਰ ਜ਼ਿਲ੍ਹੇ ਨਾਲ ਸਬੰਧਤ ਸੀ | ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਬਲਵੰਤ ਸਿੰਘ ਵਿਜ਼ਿਟਰ ਪਾਸ ਬਣਵਾ ਕੇ ਸਕੱਤਰੇਤ ਵਿਚ ਦਾਖ਼ਲ ਹੋਇਆ ਸੀ | ਰਿਕਾਰਡ ਮੁਤਾਬਕ ਉਨ੍ਹਾਂ ਦਾ ਪਾਸ ਸਵੇਰੇ 9:42 ਵਜੇ ਬਣਿਆ ਸੀ ਤੇ ਉਹ ਕਰੀਬ 10:20 ਵਜੇ ਹਰਿਆਣਾ ਸਿਵਲ ਸਕੱਤਰੇਤ ਅੰਦਰ ਦਾਖ਼ਲ ਹੋਇਆ | ਪਾਸ ਵਿਚ ਉਨ੍ਹਾਂ ਵਲੋਂ ਪੰਜਵੀਂ ਮੰਜ਼ਿਲ 'ਤੇ ਸਥਿਤ ਐਚ.ਪੀ.ਜੀ.ਸੀ.ਐਲ. ਦੇ ਕੰਟਰੋਲਰ ਆਫ ਅਕਾਉਂਟਸ ਨਾਲ ਦਫ਼ਤਰੀ ਕੰਮ ਸੰਬੰਧੀ ਮਿਲਣ ਦਾ ਜ਼ਿਕਰ ਕੀਤਾ ਗਿਆ ਸੀ | ਦੁਪਹਿਰ ਕਰੀਬ 3 ਵਜੇ ਉਨ੍ਹਾਂ ਨੇ ਅਚਾਨਕ 8ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ | ਘਟਨਾ ਦੀ ਸੂਚਨਾ ਮਿਲਦਿਆਂ ਹੀ ਸਕੱਤਰੇਤ ਵਿਚ ਮੌਜੂਦ ਪੁਲਿਸ ਕਰਮਚਾਰੀ ਤੇ ਸਟਾਫ ਮੌਕੇ 'ਤੇ ਪਹੁੰਚ ਗਿਆ | ਡਾਕਟਰਾਂ ਦੀ ਟੀਮ ਵਲੋਂ ਮੌਕੇ 'ਤੇ ਜਾਂਚ ਕਰਨ ਉਪਰੰਤ ਬਲਵੰਤ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਇਸ ਤੋਂ ਬਾਅਦ ਲਾਸ਼ ਨੂੰ ਐਂਬੂਲੈਂਸ ਰਾਹੀਂ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਭੇਜਿਆ ਗਿਆ ਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਥਾਣਾ ਸੈਕਟਰ-3 ਦੀ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ | ਸੂਤਰਾਂ ਅਨੁਸਾਰ ਬਲਵੰਤ ਸਿੰਘ ਦਾ ਨਾਮ ਆਈ.ਡੀ.ਐਫ.ਸੀ. ਬੈਂਕ ਨਾਲ ਜੁੜੇ ਕਰੀਬ 590 ਕਰੋੜ ਰੁਪਏ ਦੇ ਘੋਟਾਲੇ ਦੀ ਜਾਂਚ 'ਚ ਆਇਆ ਸੀ | ਇਸ ਸੰਬੰਧੀ ਉਨ੍ਹਾਂ ਤੋਂ ਇਕ ਵਾਰ ਪੁੱਛਗਿੱਛ ਹੋ ਚੁੱਕੀ ਸੀ ਤੇ ਜਲਦ ਹੀ ਦੁਬਾਰਾ ਪੁੱਛਗਿੱਛ ਹੋਣ ਦੀ ਸੰਭਾਵਨਾ ਸੀ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਖੁਦਕੁਸ਼ੀ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਇਸ ਸਾਲ ਹਰਿਆਣਾ ਸਿਵਲ ਸਕੱਤਰੇਤ ਵਿਚ ਖੁਦਕੁਸ਼ੀ ਦਾ ਇਹ ਦੂਜਾ ਮਾਮਲਾ ਹੈ | ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿਚ ਆਈ.ਏ.ਐਸ ਅਧਿਕਾਰੀ ਹਿਤੇਸ਼ ਕੁਮਾਰ ਮੀਨਾ ਦੇ ਨਿੱਜੀ ਸਕੱਤਰ ਗਣੇਸ਼ ਦਾਸ ਅਰੋੜਾ ਵਲੋਂ ਵੀ ਇਸੇ ਤਰ੍ਹਾਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਸੀ ਪਰ ਗਨੇਸ਼ ਦਾਸ ਅਰੋੜਾ ਨੇ ਖੁਦਕੁਸ਼ੀ ਮੌਕੇ ਸੁਸਾਈਡ ਨੋਟ 'ਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ |