ਐੱਸ. ਏ. ਐੱਸ. ਨਗਰ, 11 ਮਈ (ਤਰਵਿੰਦਰ ਸਿੰਘ ਬੈਨੀਪਾਲ)-ਭਰਤੀ ਤੋਂ ਤਿੰਨ ਸਾਲ ਬਾਅਦ 4161 ਮਾਸਟਰ ਕਾਡਰ ਭਰਤੀ ਦੀਆ ਸੂਚੀਆਂ ਰੀ-ਕਾਸਟ ਕਰਨ ਕਾਰਨ ਪ੍ਰਭਾਵਿਤ ਹੋ ਰਹੇ ਅਧਿਆਪਕਾਂ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਵਿਦਿਆ ਭਵਨ ਅੱਗੇ ਧਰਨਾ ਦਿੱਤਾ ਗਿਆ | ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਆਗੂਆਂ ਨੇ ਦੱਸਿਆ ਕਿ 4161 ਮਾਸਟਰ ਕਾਰਡਰ ਦੀ ਭਰਤੀ ਦੀ ਪ੍ਰੀਖਿਆ ਅਗਸਤ 2022 ਵਿਚ ਲਈ ਗਈ ਸੀ ਜਿਸ ਦਾ ਨਤੀਜਾ ਦਸੰਬਰ 2022 ਨੂੰ ਜਨਤਕ ਕਰ ਦਿੱਤਾ ਗਿਆ ਸੀ ਅਤੇ ਜਨਵਰੀ 2023 ਵਿਚ ਸਿਲੈਕਸ਼ਨ ਲਿਸਟ ਅਨੁਸਾਰ ਉਨ੍ਹਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਉੱਤਰ ਕੁੰਜੀ ਵਿਚ ਕੁੱਝ ਤਰੁੱਟੀਆਂ ਹੋਣ ਕਾਰਨ ਇਹ ਮਸਲਾ ਹਾਈਕੋਰਟ 'ਚ ਚਲਾ ਗਿਆ ਅਤੇ ਅਦਾਲਤ ਦੇ ਆਦੇਸ਼ਾਂ ਤਹਿਤ ਮਾਹਿਰ ਪ੍ਰੋਫੈਸਰਾਂ ਵਲੋਂ ਉੱਤਰ ਕੁੰਜੀਆਂ 'ਚੋਂ ਤਰੁੱਟੀਆਂ ਕੱਢ ਕੇ ਮੁੜ ਨਵੀਂ ਉੱਤਰ ਕੁੰਜੀ ਬਣਾਈ ਗਈ | ਉਨ੍ਹਾਂ ਦੱਸਿਆ ਕਿ ਸੋਧੀ ਹੋਈ ਉੱਤਰ ਕੁੰਜੀ ਅਨੁਸਾਰ ਮੁੜ ਤੋਂ ਬਣਾਈ ਦੂਜੀ ਸਿਲੈਕਸ਼ਨ ਸੂਚੀ ਵਿਚ ਕਈ ਅਧਿਆਪਕ, ਜਿਨ੍ਹਾਂ ਦਾ ਨਾਂਅ ਪਹਿਲੀ ਸਿਲੈਕਸ਼ਨ ਸੂਚੀ ਵਿਚ ਆਇਆ ਸੀ, ਉਨ੍ਹਾਂ ਦੇ ਨੰਬਰ ਘੱਟ ਜਾਣ ਕਾਰਨ ਉਹ ਦੂਜੀ ਸਿਲੈਕਸ਼ਨ ਸੂਚੀ 'ਚੋਂ ਬਾਹਰ ਹੋ ਗਏ ਤੇ ਵੱਧ ਅੰਕਾਂ ਵਾਲੇ ਉਨ੍ਹਾਂ ਦੀ ਥਾਂ ਸਿਲੈਕਸ਼ਨ ਸੂਚੀ ਵਿਚ ਆ ਗਏ | ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਦੂਜੀ ਸਿਲੈਕਸ਼ਨ ਸੂਚੀ ਵਾਲੇ ਅਧਿਆਪਕਾਂ ਨੇ 9 ਮਈ 2023 ਨੂੰ ਜੁਆਇਨ ਕਰਵਾ ਲਿਆ | ਉਨ੍ਹਾਂ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਡਿਊਟੀ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿਚ ਨਿਭਾ ਰਹੇ ਹਨ ਪਰ ਨੰਬਰ ਘੱਟ ਜਾਣ ਕਾਰਨ ਪਹਿਲੀ ਸਿਲੈਕਸ਼ਨ ਲਿਸਟ 'ਚੋਂ ਬਾਹਰ ਹੋਏ ਅਧਿਆਪਕਾਂ ਨੇ ਵੀ ਅਦਾਲਤ ਦਾ ਸਹਾਰਾ ਲੈ ਕੇ ਨਵੰਬਰ 2025 ਵਿਚ ਆਪਣੀ ਡਿਊਟੀ ਜੁਆਇਨ ਕਰ ਲਈ ਪਰ 7 ਮਈ ਨੂੰ ਸਿੱਖਿਆ ਵਿਭਾਗ ਵਲੋਂ ਤਿੰਨ ਸਾਲ ਬਾਅਦ ਦੂਜੀ ਸੋਧੀ ਹੋਈ ਉੱਤਰ ਕੁੰਜੀ ਨੂੰ ਰੱਦ ਕਰਕੇ ਪਹਿਲੀ ਤਰੁੱਟੀਆਂ ਵਾਲੀ ਉੱਤਰ ਕੁੰਜੀ ਲਾਗੂ ਕਰਕੇ 300 ਦੇ ਕਰੀਬ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਜਿਸ ਕਾਰਨ ਉਨ੍ਹਾਂ ਦਾ ਭਵਿੱਖ ਪੂਰੀ ਤਰਾਂ ਖ਼ਤਰੇ ਵਿਚ ਪੈ ਗਿਆ ਹੈ | ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਲਈ 21 ਦਿਨ ਦਾ ਸਮਾਂ ਦਿੱਤਾ ਗਿਆ ਹੈ | ਆਗੂਆਂ ਨੇ ਪੰਜਾਬ ਸਰਕਾਰ ਤੋਂ ਇਸ ਸਮੱਸਿਆ ਦਾ ਕੋਈ ਯੋਗ ਹੱਲ ਕੱਢ ਕੇ ਉਨ੍ਹਾਂ ਦੀਆ ਸੇਵਾਵਾਂ ਨੂੰ ਬਰਕਰਾਰ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ |