ਚੰਡੀਗੜ੍ਹ, 15 ਮਈ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.ਪੀ.ਡੀ.ਐਲ.) ਵੱਲੋਂ ਇਕ ਹੋਰ ਹਮਦਰਦੀ ਭਰਿਆ ਕਦਮ ਚੁੱਕਦਿਆਂ ਆਪਣੇ ਮਰਹੂਮ ਕਰਮਚਾਰੀ ਦੌਲਤ ਸਿੰਘ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ | ਦੌਲਤ ਸਿੰਘ ਦਾ 24 ਅਪ੍ਰੈਲ ਨੂੰ ਲੰਬੀ ਬਿਮਾਰੀ ਤੋਂ ਬਾਅਦ 55 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ | ਸੀ.ਪੀ.ਡੀ.ਐਲ ਕੰਪਨੀ ਵੱਲੋਂ ਦਿੱਤੀ ਗਈ ਇਹ ਰਕਮ ਪਰਿਵਾਰ ਨੂੰ ਇਸ ਦੁਖਦਾਈ ਸਮੇਂ 'ਚ ਵਿੱਤੀ ਮਦਦ ਦੇਣ ਲਈ ਸੌਂਪੀ ਗਈ ਹੈ | ਇਸ ਮੌਕੇ ਸੀ.ਪੀ.ਡੀ.ਐਲ. ਦੇ ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਪ੍ਰਗਟ ਕੀਤਾ ਤੇ ਭਰੋਸਾ ਦਿੱਤਾ ਕਿ ਸੰਸਥਾ ਹਮੇਸ਼ਾ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜੀ ਰਹੇਗੀ | ਦੌਲਤ ਸਿੰਘ ਸੀ.ਪੀ.ਡੀ.ਐਲ. ਦੇ ਸਬ-ਡਵੀਜ਼ਨ ਨੰਬਰ 2 'ਚ ਮੀਟਰ ਰੀਡਰ ਵਜੋਂ ਸੇਵਾ ਨਿਭਾ ਰਹੇ ਸਨ | ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਵਿਭਾਗ 'ਚ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ | ਕੰਪਨੀ ਦੇ ਸੀ.ਈ.ਓ. ਬ੍ਰਜੇਸ਼ ਕੁਮਾਰ ਨੇ ਕਿਹਾ ਕਿ ਦੌਲਤ ਸਿੰਘ ਦੀ ਲੰਬੀ ਸੇਵਾ ਤੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |