ਲਾਲੜੂ, 15 ਮਈ (ਰਾਜਬੀਰ ਸਿੰਘ)-ਪਿੰਡ ਭਗਵਾਸੀ ਵਿਖੇ ਗ਼ੈਰ-ਕਾਨੂੰਨੀ ਮਾਈਨਿੰਗ ਦਾ ਦੋਸ਼ ਲਗਾ ਕੇ ਪਿੰਡ ਦੇ ਸਾਬਕਾ ਸਰਪੰਚ ਸ਼ਿਵ ਕੁਮਾਰ ਮਹਿਤਾ ਖ਼ਿਲਾਫ਼ ਦਰਜ ਕਰਵਾਈ ਗਈ ਐਫ. ਆਈ. ਆਰ. ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ | ਇਸ ਸੰਬੰਧੀ ਆਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਸ਼ਿਵ ਕੁਮਾਰ ਨੇ ਦੱਸਿਆ ਕਿ 1 ਜੁਲਾਈ 2022 ਨੂੰ ਉਨ੍ਹਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਮਾਈਨਿੰਗ ਦਾ ਦੋਸ਼ ਲਗਾਉਂਦਿਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ | ਇਸ ਐਫ. ਆਈ. ਆਰ. ਵਿਚ ਦੋਸ਼ ਲਗਾਇਆ ਗਿਆ ਸੀ ਕਿ ਪਿੰਡ 'ਚ ਤਤਕਾਲੀਨ ਸਰਪੰਚ ਦੀ ਸਹਿਮਤੀ ਨਾਲ ਮਾਈਨਿੰਗ ਹੋ ਰਹੀ ਹੈ, ਜਦਕਿ ਉਨ੍ਹਾਂ ਉਸ ਸਮੇਂ ਸਪਸ਼ਟ ਕਿਹਾ ਸੀ ਕਿ ਇਹ ਸਭ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਖਸਰਾ ਨੰ. ਵਿਚੋਂ ਮਾਈਨਿੰਗ ਹੋ ਰਹੀ ਸੀ, ਉਸ ਨੰਬਰ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਸੀ ਤੇ ਉਸ ਜ਼ਮੀਨ 'ਤੇ ਹੋਰਨਾਂ ਧਿਰਾਂ ਦਾ ਕਬਜ਼ਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਬਕਾਇਦਾ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਐਫ. ਆਈ. ਆਰ. ਦਰਜ ਕਰ ਦਿੱਤੀ ਗਈ | ਸ਼ਿਵ ਕੁਮਾਰ ਮੁਤਾਬਿਕ ਉਨ੍ਹਾਂ ਕਾਨੂੰਨ 'ਚ ਵਿਸ਼ਵਾਸ ਪ੍ਰਗਟਾਇਆ ਤੇ ਆਖਿਰ ਬੀਤੀ 2 ਅਪ੍ਰੈਲ 2026 ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਖ਼ਿਲਾਫ਼ ਦਰਜ ਐਫ. ਆਈ. ਆਰ. ਰੱਦ ਕਰ ਦਿੱਤੀ | ਇਸ ਉਪਰੰਤ ਮੁਹਾਲੀ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਵੀ ਬੀਤੀ 12 ਮਈ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਦੋਸ਼ ਮੁਕਤ ਕਰ ਕੇ ਕੇਸ ਪਟੀਸ਼ਨ ਦਫ਼ਤਰ ਦਾਖ਼ਲ ਕਰ ਦਿੱਤੀ |