ਮੁੱਲਾਂਪੁਰ ਗਰੀਬਦਾਸ, 15 ਮਈ (ਦਿਲਬਰ ਸਿੰਘ ਖੈਰਪੁਰ)- ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਬੀਤੇ ਦਿਨੀਂ ਸੀ. ਬੀ. ਆਈ. ਨੇ ਪੰਜਾਬ ਵਿਜੀਲੈਂਸ ਵਿਭਾਗ 'ਤੇ ਛਾਪੇਮਾਰੀ ਕੀਤੀ ਸੀ ਅਤੇ ਵਿਜੀਲੈਂਸ ਹੈੱਡਕੁਆਰਟਰ ਦੇ ਦਫ਼ਤਰ 'ਚ ਭਿ੍ਸ਼ਟਾਚਾਰ ਦੇ ਦੋਸ਼ਾਂ ਹੇਠ ਕਈ ਦਸਤਾਵੇਜ਼ਾਂ ਤੇ ਫਾਈਲਾਂ ਸਮੇਤ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਸੀ, ਜਦਕਿ ਕੁਝ ਮੁਲਾਜ਼ਮ ਹਾਲੇ ਵੀ ਸੀ. ਬੀ. ਆਈ. ਦੀ ਗਿ੍ਫ਼ਤ ਤੋਂ ਬਹਾਰ ਹਨ | ਕੰਗ ਨੇ ਕਿਹਾ ਕਿ ਇਤਿਹਾਸ 'ਚ ਪਹਿਲੀ ਵਾਰ ਸੀ. ਬੀ. ਆਈ. ਨੇ ਸੂਬੇ ਦੀ ਵਿਜੀਲੈਂਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹੋਏ ਪੱਕੇ ਪੈਰੀਂ ਛਾਪਾ ਮਾਰਿਆ ਹੈ, ਜੋ ਕਿ ਮਾਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡਾ ਕਲੰਕ ਹੈ | ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਜਨਤਾ ਦਾ ਸਰਕਾਰ ਤੇ ਵਿਜੀਲੈਂਸ 'ਤੇ ਭਰੋਸਾ ਘਟਿਆ ਹੈ | ਉਨ੍ਹਾਂ ਕਿਹਾ ਕਿ ਸਟੇਟ ਵਿਜੀਲੈਂਸ ਹਮੇਸ਼ਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਹੋਰਨਾਂ ਅਦਾਰਿਆਂ 'ਤੇ ਸਾਫ਼-ਸੁਥਰੀ ਨੇਕ ਨੀਤੀ ਨਾਲ ਨਜ਼ਰ ਰੱਖਦੀ ਹੈ ਅਤੇ ਸਬੂਤਾਂ ਦੇ ਆਧਾਰ 'ਤੇ ਭਿ੍ਸ਼ਟਾਚਾਰ ਨੂੰ ਨੱਥ ਪਾਉਣ ਲਈ ਸਰਕਾਰੀ ਕਰਮਚਾਰੀਆਂ ਖ਼ਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਕਰਦੀ ਹੈ ਤਾਂ ਜੋ ਸਾਰੇ ਮੁਲਾਜ਼ਮਾਂ ਨੂੰ ਇਸ ਦਾ ਡਰ ਰਹੇ, ਪਰ ਦੋਗਲੀ ਨੀਤੀ ਵਾਲੀ 'ਆਪ' ਸਰਕਾਰ ਨੇ ਸਟੇਟ ਵਿਜੀਲੈਂਸ ਨੂੰ ਆਪਣੇ ਸਾਰੇ ਸਿਆਸੀ ਵਿਰੋਧੀਆਂ ਦੀ ਆਵਾਜ਼ ਨੂੰ ਸ਼ਰੇ੍ਹਆਮ ਦਬਾਉਣ ਤੇ ਬਦਲਾਖੋਰੀ ਦੀ ਭਾਵਨਾ ਨਾਲ ਵਰਤਿਆ ਹੈ, ਜੋ ਕਿ ਜੱਗ ਜ਼ਾਹਿਰ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਰੱਬ ਹੀ ਰਾਖਾ ਹੈ | ਕੰਗ ਨੇ ਕਿਹਾ ਕਿ ਹੁਣ ਸੀ. ਬੀ. ਆਈ., ਜੋ ਕਿ ਦੇਸ਼ ਦੀ ਸਭ ਤੋਂ ਉੱਚ ਜਾਂਚ ਏਜੰਸੀ ਹੈ, ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਬਿਨਾਂ ਕਿਸੇ ਵਿਤਕਰੇ ਤੋਂ 'ਆਪ' ਸਰਕਾਰ ਤੇ ਵਿਜੀਲੈਂਸ ਦੇ ਭਿ੍ਸ਼ਟ ਕਰਮਚਾਰੀਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ |