ਡੇਰਾਬੱਸੀ ਵਿਖੇ ਸ੍ਰੀ ਸੁਖਮਨੀ ਸਕੂਲ ਦੇ ਮੁਲਾਜ਼ਮਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨੇ ਚੰਡੀਗੜ੍ਹ-ਅੰਬਾਲਾ ਹਾਈਵੇਅ ਕੀਤਾ ਜਾਮ <br/>
ਅਜੀਤ ਡੈਸਕ
23-05-2026
ਪੁਲਿਸ ਦੀ ਦਖ਼ਲਅੰਦਾਜ਼ੀ ਮਗਰੋਂ ਮਾਹੌਲ ਹੋਰ ਗਰਮਾਇਆ : ਕਾਲਜ ਦਾ ਗੇਟ ਬੰਦ ਹੋਣ ਕਾਰਨ ਕਾਲਜ 'ਚ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੇ ਸਾਹ ਸੂਤੇ ਗਏ ਅਤੇ ਮਾਹੌਲ ਤਣਾਅਪੂਰਨ ਬਣ ਗਿਆ | ਪੇਪਰ ਦਾ ਸਮਾਂ ਲੰਘਦਾ ਦੇਖ ਪ੍ਰੇਸ਼ਾਨ ਵਿਦਿਆਰਥੀਆਂ ਨੇ ਪੁਲਿਸ ਨੂੰ ਗੇਟ ਖੁੱਲਵਾਉਣ ਦੀ ਗੁਹਾਰ ਲਗਾਈ | ਇਕ ਵਿਦਿਆਰਥੀ ਨੇ ਨਿੱਜੀ ਤੌਰ 'ਤੇ ਵੀ ਹੱਥ ਜੋੜ ਕੇ ਪ੍ਰਦਰਸ਼ਨਕਾਰੀਆਂ ਨੂੰ ਗੇਟ ਖੋਲਣ ਦੀ ਅਪੀਲ ਕੀਤੀ ਪਰ ਪ੍ਰਦਰਸ਼ਨਕਾਰੀ 5 ਮਿੰਟ ਦੀ ਸਾਂਝੀ ਮੀਟਿੰਗ ਤੋਂ ਬਗ਼ੈਰ ਤਾਲਾ ਖੋਲਣ ਲਈ ਤਿਆਰ ਨਹੀਂ ਹੋਏ | ਇਸ ਦੌਰਾਨ ਥਾਣਾ ਮੁਖੀ ਸੁਮਿਤ ਮੋਰ ਦੀ ਅਗਵਾਈ ਹੇਠ ਪੁਲਿਸ ਬਲ ਨੇ ਜਦੋਂ ਖ਼ੁਦ ਤਾਲਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਬੇਕਾਬੂ ਹੋ ਗਈ |
ਪੁਲਿਸ ਦਾ ਘੇਰਾ ਤੋੜ ਕੇ ਹਾਈਵੇਅ 'ਤੇ ਬੈਠੇ ਪ੍ਰਦਰਸ਼ਨਕਾਰੀ : ਪੁਲਿਸ ਦੀ ਕਾਰਵਾਈ ਤੋਂ ਰੋਹ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇਅ ਵੱਲ ਕੂਚ ਕਰ ਦਿੱਤਾ | ਪੁਲਿਸ ਨੇ ਉਨਾਂ ਨੂੰ ਰੋਕਣ ਲਈ ਕਾਫੀ ਜਦੋ-ਜਹਿਦ ਕੀਤੀ ਪਰ ਪ੍ਰਦਰਸ਼ਨਕਾਰੀ ਬੈਰੀਕੇਡਿੰਗ ਪਾਰ ਕਰਦੇ ਹੋਏ ਹਾਈਵੇਅ ਦੇ ਵਿਚਕਾਰ ਜਾ ਕੇ ਬੈਠ ਗਏ | ਕਰੀਬ 20 ਮਿੰਟਾਂ ਤੱਕ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਪੂਰੀ ਤਰਾਂ ਠੱਪ ਰਹੀ ਅਤੇ ਦੂਰ-ਦੂਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ. ਪੀ. ਵਿਕਰਮਜੀਤ ਸਿੰਘ ਬਰਾੜ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਉਨਾਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਸਕੂਲ ਮੈਨੇਜਮੈਂਟ ਨਾਲ ਤਾਲਮੇਲ ਕਰਕੇ ਆਗਾਮੀ 3 ਜੂਨ ਨੂੰ ਸਾਂਝੀ ਮੀਟਿੰਗ ਦਾ ਸਮਾਂ ਨਿਰਧਾਰਤ ਕਰਵਾਇਆ | ਐਸ. ਪੀ. ਨੇ ਭਰੋਸਾ ਦਿੱਤਾ ਕਿ ਇਸ ਮੀਟਿੰਗ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਮੁਲਾਜ਼ਮਾਂ ਦੇ ਮਸਲੇ ਦਾ ਪੱਕਾ ਹੱਲ ਕੱਢਿਆ ਜਾਵੇਗਾ | ਪ੍ਰਸ਼ਾਸਨਿਕ ਭਰੋਸੇ ਤੋਂ ਬਾਅਦ ਜਥੇਬੰਦੀਆਂ ਨੇ ਹਾਈਵੇਅ ਤੋਂ ਜਾਮ ਖੋਲ ਦਿੱਤਾ ਅਤੇ ਮੁੜ ਕਾਲਜ ਗੇਟ ਅੱਗੇ ਸ਼ਾਂਤਮਈ ਧਰਨੇ 'ਤੇ ਬੈਠ ਗਏ |
ਪੁਲਿਸ ਦੀ ਬਦਸਲੂਕੀ ਕਾਰਨ ਚੁੱਕਣਾ ਪਿਆ ਸਖ਼ਤ ਕਦਮ : ਕਾਮਰੇਡ ਚੁੱਘ : ਦੂਜੇ ਪਾਸੇ ਸੀ. ਪੀ. ਆਈ. ਦੇ ਆਗੂ ਕਾਮਰੇਡ ਚੁੱਘ ਨੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਬਦਸਲੂਕੀ ਤੇ ਧੱਕੇਸ਼ਾਹੀ ਕੀਤੀ, ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਹਾਈਵੇਅ ਜਾਮ ਕਰਨ ਵਰਗਾ ਸਖ਼ਤ ਕਦਮ ਚੁੱਕਣਾ ਪਿਆ |