ਐੱਸ. ਏ. ਐੱਸ. ਨਗਰ, 28 ਮਈ (ਕਪਿਲ ਵਧਵਾ)- ਬਲੌਂਗੀ ਦੀ ਆਦਰਸ਼ ਕਾਲੋਨੀ ਵਿਚ ਬੀਤੀ ਦੇਰ ਰਾਤ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਜਦਕਿ ਦੋ ਹੋਰ ਨੌਜਵਾਨ ਜ਼ਖ਼ਮੀ ਹੋ ਗਏ | ਬਲੌਂਗੀ ਵਿਖੇ ਬੀਤੇ 10 ਦਿਨਾਂ ਵਿਚ ਕਤਲ ਦੀ ਇਹ ਦੂਜੀ ਵਾਰਦਾਤ ਵਾਪਰੀ ਹੈ | ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ | ਮਿ੍ਤਕ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ | ਮਿ੍ਤਕ ਦੇ ਭਰਾ ਦੀਪਕ ਕੁਮਾਰ ਤੇ ਜ਼ਖਮੀ ਨੌਜਵਾਨ ਜੋਤਿਸ਼ ਦੇ ਭਰਾ ਨਿਤੀਸ਼ ਨੇ ਦੱਸਿਆ ਕਿ ਬੀਤੀ ਰਾਤ ਪ੍ਰਸ਼ਾਂਤ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਜਿਸ ਵਿਚ ਅਭਿਸ਼ੇਕ ਅਤੇ ਜੋਤਿਸ਼ ਵੀ ਸ਼ਾਮਿਲ ਹੋਣ ਲਈ ਗਏ ਹੋਏ ਸਨ | ਉਨ੍ਹਾਂ ਦੱਸਿਆ ਕਿ ਹਮਲਾਵਰ ਮਨੀਸ਼ ਪਹਿਲਾਂ ਪ੍ਰਸ਼ਾਂਤ ਦੇ ਪਿਤਾ ਨਾਲ ਗਾਲੀ-ਗਲੋਚ ਕਰ ਰਿਹਾ ਸੀ ਅਤੇ ਇਸ ਸੰਬੰਧੀ ਗੱਲਬਾਤ ਦੌਰਾਨ ਅਭਿਸ਼ੇਕ ਅਤੇ ਹੋਰ ਨੌਜਵਾਨਾਂ ਨੇ ਮਨੀਸ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ | ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਮਨੀਸ਼ ਤੋਂ ਪ੍ਰਸ਼ਾਂਤ ਦੇ ਪਿਤਾ ਨਾਲ ਬਦਸਲੂਕੀ ਕਰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਗੁੱਸੇ ਵਿਚ ਆ ਕੇ ਪ੍ਰਸ਼ਾਂਤ 'ਤੇ ਹਮਲਾ ਕਰ ਦਿੱਤਾ | ਇਸ ਦੌਰਾਨ ਅਭਿਸ਼ੇਕ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਨੀਸ਼ ਨੇ ਚਾਕੂ ਨਾਲ ਉਸ ਦੀ ਗਰਦਨ 'ਤੇ ਵਾਰ ਕਰ ਦਿੱਤਾ | ਗੰਭੀਰ ਰੂਪ 'ਚ ਜ਼ਖ਼ਮੀ ਹੋਣ ਕਾਰਨ ਅਭਿਸ਼ੇਕ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਮਲੇ ਦੌਰਾਨ ਮਨੀਸ਼ ਨੇ ਪ੍ਰਸ਼ਾਂਤ ਅਤੇ ਜੋਤਿਸ਼ 'ਤੇ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ | ਇਕ ਨੌਜਵਾਨ ਦੀ ਬਾਂਹ ਅਤੇ ਦੂਜੇ ਦੀ ਲੱਤ 'ਤੇ ਜ਼ਖ਼ਮ ਆਏ ਹਨ | ਦੋਵਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ | ਬਾਅਦ ਦੁਪਹਿਰ ਪ੍ਰਸ਼ਾਂਤ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਜਦਕਿ ਜੋਤਿਸ਼ ਦਾ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ | ਉਧਰ ਦੂਜੇ ਪਾਸੇ ਇਸ ਵਾਰਦਾਤ ਸੰਬੰਧੀ ਸੰਪਰਕ ਕਰਨ 'ਤੇ ਥਾਣਾ ਬਲੌਂਗੀ ਦੇ ਐਸ. ਐਚ. ਓ. ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਪੁਲਿਸ ਵਲੋਂ ਕਤਲ ਤੇ ਹਮਲੇ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਫ਼ਰਾਰ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਬਲੌਂਗੀ ਵਿਚ ਪਿਛਲੇ 10 ਦਿਨਾਂ ਦੌਰਾਨ ਇਹ ਦੂਜਾ ਕਤਲ ਹੋਇਆ ਹੈ | ਇਸ ਤੋਂ ਪਹਿਲਾਂ 17 ਮਈ ਦੀ ਰਾਤ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਅਭੀ ਨਾਮਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਵਿਚ ਪੁਲਿਸ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ |